ਪੰਜਾਬੀ ਜੋੜਾ ਕੈਨੇਡਾ 'ਚ ਹੋਇਆ ਗ੍ਰਿਫਤਾਰ, ਰਿਕਾਰਡ ਤੋੜ 42 ਕਰੋੜ ਦੇ ਨਸ਼ੇ ਦੀ ਖੇਪ ਹੋਈ ਜ਼ਬਤ

12/10/2017 8:54:23 AM

ਅਲਬਰਟਾ /ਵਾਸ਼ਿੰਗਟਨ— ਕੈਨੇਡਾ ਦੀ ਅਲਬਰਟਾ ਸਰਹੱਦ 'ਤੇ 2 ਦਸੰਬਰ ਨੂੰ 1 ਕੁਇੰਟਲ (100 ਕਿਲੋ) ਕੋਕੀਨ ਲੈ ਕੇ ਜਾ ਰਹੇ ਪੰਜਾਬੀ ਜੋੜੇ ਨੂੰ ਫੜਿਆ ਗਿਆ ਹੈ। ਟਰੱਕ ਚਾਲਕ ਪਤੀ-ਪਤਨੀ ਦੀ ਪਛਾਣ ਕੈਲੇਫੋਰਨੀਆ ਨਿਵਾਸੀ ਗੁਰਮਿੰਦਰ ਸਿੰਘ ਤੂਰ (31) ਅਤੇ ਕਿਰਨਦੀਪ ਕੌਰ (26) ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਨੂੰ ਇਹ ਚਲਾ ਰਹੇ ਸਨ, ਉਹ ਸਬਜ਼ੀਆਂ ਨਾਲ ਲੱਦਿਆ ਹੋਇਆ ਸੀ ਤੇ ਉਸ 'ਚ ਕਰੋੜਾਂ ਰੁਪਏ ਦਾ ਨਸ਼ਾ ਛੁਪਾਇਆ ਹੋਇਆ ਸੀ। ਟਰੱਕ ਕੈਲੇਫੋਰਨੀਆ ਤੋਂ ਅਲਬਰਟਾ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਫੜੀ ਗਈ ਡਰੱਗਜ਼ ਦੀ ਕੀਮਤ ਸੱਤ-ਅੱਠ ਮਿਲੀਅਨ ਬਣਦੀ ਹੈ ਭਾਵ ਭਾਰਤੀ ਕਰੰਸੀ ਮੁਤਾਬਕ ਲਗਭਗ 421,475,163 ਰੁਪਏ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਨਸ਼ਿਆਂ ਕਾਰਨ ਹੋ ਰਹੀਆਂ ਹਨ। ਇਨ੍ਹਾਂ 'ਚੋਂ ਕਈ ਪੰਜਾਬੀ ਵੀ ਹਨ, ਜੋ ਨਸ਼ਿਆਂ ਦੀ ਦਲਦਲ 'ਚ ਪੈ ਕੇ ਜ਼ਿੰਦਗੀ ਉਜਾੜ ਰਹੇ ਹਨ। ਅਜਿਹੇ 'ਚ ਪੰਜਾਬੀਆਂ ਕੋਲੋਂ ਇੰਨੀ ਵੱਡੀ ਮਾਤਰਾ 'ਚ ਨਸ਼ਾ ਫੜਿਆ ਜਾਣਾ ਹੋਰ ਵੀ ਸ਼ਰਮ ਦੀ ਗੱਲ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਨੂੰ ਸਖਤ ਸਜ਼ਾ ਮਿਲ ਸਕਦੀ ਹੈ।

PunjabKesariਪੁਲਸ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਟਰੱਕ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਮਾਈਕ੍ਰੋਵੇਵ 'ਚੋਂ ਡਰਗਜ਼ ਦੀਆਂ 8 ਬ੍ਰਿਕਸ ਮਿਲੀਆਂ, ਫਿਰ ਉਨ੍ਹਾਂ ਨੂੰ ਮਾਈਕ੍ਰੋਵੇਵ ਦੇ ਪਿਛਲੇ ਪਾਸਿਓਂ 14 ਬ੍ਰਿਕਸ ਮਿਲੀਆਂ ਤੇ ਫਿਰ 18 ਬ੍ਰਿਕਸ ਮਿਲੀਆਂ। ਜਦ ਉਨ੍ਹਾਂ ਨੇ ਟਰੱਕ ਦੀ ਹੋਰ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਹੋਰ 44 ਬ੍ਰਿਕਸ ਮਿਲੀਆਂ। ਇਹ ਕੁੱਲ ਮਿਲਾ ਕੇ 84 ਬ੍ਰਿਕਸ ਸਨ, ਜੋ ਕਈ ਘਰਾਂ ਨੂੰ ਉਜਾੜਨ ਦਾ ਸਾਮਾਨ ਸੀ। ਪੁਲਸ ਵਿਭਾਗ ਨੇ ਕਿਹਾ ਕਿ ਬਾਰਡਰ ਪੁਲਸ ਦੀ ਇਹ ਵੱਡੀ ਜਿੱਤ ਹੈ ਕਿ ਉਨ੍ਹਾਂ ਨੇ ਇੰਨੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਸ ਨੇ ਕਿਹਾ ਕਿ ਨਸ਼ੇ ਦੀ ਇੰਨੀ ਵੱਡੀ ਖੇਪ ਆਪਣੇ ਆਪ 'ਚ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਸਰਹੱਦੀ ਇਲਾਕੇ 'ਚ ਇੰਨੀ ਵੱਡੀ ਖੇਪ ਕਦੇ ਨਹੀਂ ਫੜੀ ਗਈ।


Related News