ਪੰਜਾਬੀ ਵਿਰਸੇ ਦੇ ਵਾਰਸਾਂ ਦਾ ਜਾਦੂ ਲੈਸਟਰ ਵਾਸੀਆਂ ਦੇ ਸਿਰ ਚੜ੍ਹ ਬੋਲਿਆ

06/27/2017 7:13:12 AM

ਲੰਡਨ/ਲੈਸ਼ਟਰ (ਰਾਜਵੀਰ ਸਮਰਾ)— ਪੰਜਾਬੀ ਵਿਰਸਾ 2017 ਦੇ ਸ਼ੋਅ ਦੇ ਸਿਲਸਿਲੇ 'ਚ ਇੰਗਲੈਂਡ ਪੁੱਜੇ ਵਾਪਿਸ ਭਰਾ ਆਪਣੀ ਗਾਇਕੀ ਨਾਲ ਇੰਗਲੈਂਡ ਵਸਦੇ ਪੰਜਾਬੀਆਂ ਨੂੰ ਝੂਮਣ ਲਈ ਮਜਬੂਰ ਕਰ ਰਹੇ ਹਨ। ਇਸ ਗੱਲ ਦਾ ਨਮੂਨਾ ਪੰਜਾਬੀ ਵਿਰਸਾ ਲੜੀ ਦੇ ਪੰਜਵੇਂ ਸ਼ੋਅ ਦੌਰਾਨ ਲੈਸਟਰ ਸ਼ਹਿਰ ਦੇ ਏਥੀਨਾ ਹਾਲ ਕਿੲਨ ਸਟ੍ਰੀਟ ਵਿਚ ਕਰਵਾਏ ਗਏ ਸ਼ੋਅ ਦੌਰਾਨ ਦੇਖਣ ਨੂੰ ਮਿਲਿਆ, ਜਿਥੇ ਵਾਰਿਸ ਭਰਾਵਾਂ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਦਰਸ਼ਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਪੰਜਾਬੀ ਵਿਰਸਾ ਸ਼ੋਅ ਨੂੰ ਦੁਨੀਆ ਭਰ 'ਚ ਹੁੰਦੇ ਪਰਿਵਾਰਕ ਸ਼ੋਆਂ ਦਾ ਸਿਰਮੌਰ ਸ਼ੋਅ ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਇਸ ਸ਼ੋਅ ਨੂੰ ਦੇਖਣ ਲਈ ਬਹੁਤ ਵੱਡੀ ਗਿਣਤੀ ਵਿਚ ਦਰਸ਼ਕ ਆਪਣੇ ਪਰਿਵਾਰਾਂ ਨਾਲ ਪਹੁੰਚੇ ਹੋਏ ਸਨ, ਜਿੱਥੇ ਦਰਸ਼ਕਾਂ ਨੂੰ ਬਹੁਤ ਹੀ ਮਿਆਰੀ ਗਾਇਕੀ, ਚੰਗੀ ਸ਼ਾਇਰੀ ਤੇ ਪੰਜਾਬੀਅਤ ਨਾਲ ਰੰਗੇ ਵੱਖ-ਵੱਖ ਰੰਗ ਦਰਸ਼ਕਾਂ ਨੂੰ ਦੇਖਣ ਨੂੰ ਮਿਲੇ। ਨਿਰਧਾਰਤ ਸਮੇਂ 'ਤੇ ਸ਼ੋਅ ਦੀ ਸ਼ੁਰੂਆਤ ਪਲਾਜ਼ਮਾ ਰਿਕਾਰਡਜ਼ ਦੇ ਐਮ. ਡੀ. ਦੀਪਕ ਬਾਲੀ ਨੇ ਕੀਤੀ ਤੇ ਉਨ੍ਹਾਂ ਵਾਰਿਸ ਭਰਾਵਾਂ ਨੂੰ ਦਰਸ਼ਕਾਂ ਦੇ ਰੂ-ਬਰੂ ਕਰਵਾਇਆ। ਤਿੰਨਾਂ ਭਰਾਵਾਂ ਨੇ ਰੱਬ ਦਾ ਸ਼ੁਕਰਾਨਾ ਕਰਨ ਤੋਂ ਬਾਅਦ 'ਜੰਗ ਜਾਰੀ ਰੱਖਿਓ' ਗੀਤ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਬਾਅਦ 'ਚ ਸੰਗਤਾਰ ਨੇ ਮਾਈਕ ਸੰਭਾਲਿਆ ਤੇ ਹਾਜ਼ਰੀਨ ਨਾਲ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਦਿਆਂ ਆਪਣਾ ਗੀਤ ਪੇਸ਼ ਕੀਤਾ। ਇਸ ਤੋਂ ਬਾਅਦ ਵਾਰੀ ਆਈ ਕਮਲ ਹੀਰ ਦੀ, ਕਮਲ ਨੇ 7-8 ਨਵੇਂ ਤੇ ਪੁਰਾਣੇ ਗੀਤ ਗਾ ਕੇ ਹਾਜ਼ਰ ਸਰੋਤਿਆਂ ਨੂੰ ਕੀਲਿਆ। ਸ਼ੋਅ ਦੇ ਅਖੀਰ 'ਚ ਵਾਰੀ ਆਈ ਪੰਜਾਬੀ ਲੋਕ ਗਾਇਕੀ ਦੇ ਵਾਰਿਸ ਕਹਾਉਂਦੇ ਪ੍ਰਸਿੱਧ ਲੋਕ ਗਾਇਕ ਮਨਮੋਹਣ ਵਾਰਿਸ ਦੀ। ਮਨਮੋਹਨ ਵਾਰਿਸ ਨੇ 'ਕਿਤੇ ਕੱਲੀ ਬਹਿ ਕੇ ਸੋਚੀ ਨੀ', 'ਮਹਿਸੂਸ ਹੋ ਰਿਹਾ ਏ', 'ਬਨੇਰਾ ਚੇਤੇ ਆ ਗਿਆ' ਸਮੇਤ ਹੋਰ ਕਈ ਗੀਤਾਂ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ। ਇਸ ਮੌਕੇ ਸ਼ੋਅ ਦੇ ਮੁੱਖ ਪ੍ਰਬੰਧਕ ਰਾਣਾ ਭਾਣੋਕੀ ਤੇ ਟੋਨੀ ਬੈਂਸ, ਅਮਰਜੀਤ ਧਾਮੀ, ਪਿੰਦੂ ਜੌਹਲ, ਸਤਨਾਮ ਸਿੰਘ ਭਾਣੋਕੀ, ਸਤਨਾਮ ਸਿੰਘ ਪਾਹੜਾ ਤੇ ਕੁੱਕੂ ਓਬਰਾਏ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News