ਕੈਨੇਡੀਅਨ ਪੀ.ਐੱਮ ਨੇ 'ਦੀਵਾਲੀ' ਅਤੇ 'ਬੰਦੀ ਛੋੜ ਦਿਵਸ' ਦੀਆਂ ਦਿੱਤੀਆਂ ਵਧਾਈਆਂ

10/20/2017 2:52:16 PM

ਟੋਰਾਂਟੋ,(ਬਿਊਰੋ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 'ਦੀਵਾਲੀ' ਅਤੇ 'ਬੰਦੀ ਛੋੜ ਦਿਵਸ' ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਆਪਣੇ ਲੀਗਲ ਫੇਸਬੁੱਕ ਪੇਜ਼ 'ਤੇ ਕਿਹਾ,''ਕੈਨੇਡਾ 'ਚ ਰਹਿਣ ਵਾਲੇ ਹਿੰਦੂ, ਸਿੱਖ, ਜੈਨ ਅਤੇ ਬੋਧੀ ਧਰਮ ਦੇ ਲੋਕ ਅੱਜ ਦੀਵਾਲੀ ਅਤੇ 'ਬੰਦੀ ਛੋੜ ਦਿਵਸ' ਦੀਆਂ ਖੁਸ਼ੀਆਂ ਮਨਾ ਰਹੇ ਹਨ। ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦਾ ਤਿਉਹਾਰ ਹੈ। ਇਹ ਗਿਆਨ ਦੀ ਸ਼ਕਤੀ ਅਤੇ ਹਰ ਤਰ੍ਹਾਂ ਦੇ ਹਨ੍ਹੇਰੇ ਤੇ ਅਗਿਆਨਤਾ ਨੂੰ ਦੂਰ ਕਰਨ ਦੀ ਉਮੀਦ ਦਾ ਦਿਨ ਹੈ।ਦੀਵਾਲੀ ਵਾਲੇ ਦਿਨ ਹਰ ਧਰਮ ਦੇ ਲੋਕ ਉਤਸ਼ਾਹ ਨਾਲ ਇਕੱਠੇ ਹੁੰਦੇ ਹਨ। ਇਸ ਵਾਰ ਇਹ ਦੀਵਾਲੀ ਬਹੁਤ ਖਾਸ ਹੈ ਕਿਉਂਕਿ ਕੈਨੇਡਾ ਆਪਣੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਅਨੇਕਤਾ ਹੀ ਕੈਨੇਡਾ ਦੀ ਤਾਕਤ ਰਹੀ ਹੈ। ਅੱਜ ਦੇ ਦਿਨ ਸਾਨੂੰ ਉਨ੍ਹਾਂ ਹਿੰਦੂ, ਸਿੱਖ, ਜੈਨ ਅਤੇ ਬੋਧੀ ਕੈਨੇਡੀਅਨਜ਼ ਦੇ ਬਹੁਮੁੱਲੇ ਯੋਗਦਾਨ ਬਾਰੇ ਜਾਨਣਾ ਚਾਹੀਦਾ ਹੈ ਜੋ ਹਰ ਰੋਜ਼ ਕੈਨੇਡਾ ਲਈ ਮਿਹਨਤ ਕਰਦੇ ਹਨ।'' 

ਅਖੀਰ ਉਨ੍ਹਾਂ ਕਿਹਾ,''ਮੈਂ ਕੈਨੇਡੀਅਨ ਸਰਕਾਰ ਅਤੇ ਪਤਨੀ ਸੋਫੀ ਵਲੋਂ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣ ਦੀਆਂ ਵਧਾਈਆਂ ਦਿੰਦਾ ਹਾਂ।'' ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਟਰੂਡੋ ਨੇ 'ਦੀਵਾਲੀ ਮੁਬਾਰਕ' ਦਾ ਟਵੀਟ ਕੀਤਾ ਸੀ, ਜਿਸ ਕਾਰਨ ਲੋਕਾਂ ਨੇ ਰੀ-ਟਵੀਟ ਕਰਕੇ ਉਨ੍ਹਾਂ ਨੂੰ ਦੱਸਿਆ ਸੀ ਕਿ ਦੀਵਾਲੀ ਮੁਬਾਰਕ ਨਹੀਂ ਸਗੋਂ 'ਸ਼ੁੱਭ ਦੀਵਾਲੀ' ਜਾਂ ਦੀਵਾਲੀ ਦੀਆਂ ਵਧਾਈਆਂ ਕਿਹਾ ਜਾਂਦਾ ਹੈ।


Related News