ਦੁਰੱਲਭ ਬੀਮਾਰੀ ਦਾ ਸ਼ਿਕਾਰ ਹੋਈ ਇਸ ਬੱਚੀ ਨੂੰ ਨਵੀਂ ਜ਼ਿੰਦਗੀ ਦੇਣਗੇ ਆਸਟ੍ਰੇਲੀਅਨ ਡਾਕਟਰ

08/14/2017 2:27:59 PM

ਮੈਲਬੌਰਨ— ਆਸਟ੍ਰੇਲੀਆਈ ਡਾਕਟਰਾਂ ਦੀ ਇਕ ਟੀਮ ਇਕ ਪਾਕਿਸਤਾਨੀ ਬੱਚੀ ਦੀ ਜ਼ਿੰਦਗੀ ਬਚਾਉਣ ਲਈ ਸਰਜ਼ਰੀ ਦੀ ਤਿਆਰੀ ਕਰ ਰਹੀ ਹੈ। ਇਸ ਛੋਟੀ ਬੱਚੀ ਦਾ ਹਰ ਦਿਨ ਦਰਦ ਵਿਚ ਲੰਘਦਾ ਹੈ। ਇਸ ਸਮੇਂ ਇਹ ਬੱਚੀ ਸਿਰਫ 5 ਸਾਲ ਦੀ ਹੈ ਅਤੇ ਉਹ ਬਹਾਦੁਰੀ ਨਾਲ ਆਪਣੀ ਇਸ ਬੀਮਾਰੀ ਦਾ ਸਾਹਮਣਾ ਕਰ ਰਹੀ ਹੈ। ਉਹ ਇਕ ਦੁਰੱਲਭ ਬੀਮਾਰੀ ਜਿਸ ਦਾ ਨਾਂ CLOVESਸਿੰਡਰੋਮ ਹੈ ਨਾਲ ਜੂਝ ਰਹੀ ਹੈ। ਇਸ ਬੀਮਾਰੀ ਨਾਲ ਦੁਨੀਆ ਦੇ 100 ਕੁ ਲੋਕ ਪ੍ਰਭਾਵਿਤ ਹੁੰਦੇ ਹਨ। 
ਇਸ ਬੀਮਾਰੀ ਕਾਰਨ ਬੱਚੀ ਦੇ ਪੈਰਾਂ ਵਿਚ ਬਹੁਤ ਜ਼ਿਆਦਾ ਸੋਜ ਹੈ, ਜਿਸ ਕਾਰਨ ਪੈਰ ਚੁੱਕਣ ਵਿਚ ਉਸ ਨੂੰ ਬਹੁਤ ਮੁਸ਼ਕਲ ਹੁੰਦੀ ਹੈ। ਇੱਥੋਂ ਤੱਕ ਕਿ ਉਸ ਨੂੰ ਤੁਰਨ-ਫਿਰਨ ਵੇਲੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ।
ਹੁਣ ਉਸ ਕੋਲ ਸਧਾਰਨ ਜ਼ਿੰਦਗੀ ਜਿਉਣ ਦਾ ਮੌਕਾ ਹੈ। ਇਸ ਲਈ ਆਸਟ੍ਰੇਲੀਆ ਦੀ ਮਾਨਵਤਾਵਾਦੀ ਮੋਇਰਾ ਕੇਲੀ ਅਤੇ ਸਰਜ਼ਨਾਂ ਦੀ ਟੀਮ ਧੰਨਵਾਦ ਦੀ ਪਾਤਰ ਹੈ। 
18 ਮਹੀਨੇ ਪਹਿਲਾਂ ਜਦੋਂ ਇਹ ਬੱਚੀ ਆਪਣੀ ਮਾਂ ਸਿਨੀਆ ਨਾਲ ਆਸਟ੍ਰੇਲੀਆ ਆਈ ਸੀ ਤਾਂ ਉਹ ਇੰਨੀ ਕਮਜ਼ੋਰ ਅਤੇ ਬੀਮਾਰ ਸੀ ਕਿ ਉਸ ਨੂੰ ਖਾਸ ਖੁਰਾਕ ਦਿੱਤੀ ਗਈ ਤਾਂ ਜੋ ਉਹ ਸਰਜ਼ਰੀ ਲਈ ਸਰੀਰਕ ਤੌਰ 'ਤੇ ਤਿਆਰ ਹੋ ਸਕੇ। ਇਸ ਸਮੇਂ ਦੌਰਾਨ ਬੱਚੀ ਨੇ ਅੰਗਰੇਜੀ ਸਿੱਖੀ ਅਤੇ ਮੈਲਬੌਰਨ ਦੇ ਇਕ ਸਕੂਲ ਵਿਚ ਦਾਖਲਾ ਵੀ ਲੈ ਲਿਆ।
ਹੁਣ ਇਹ ਬੱਚੀ ਆਪਣੀ ਸਰਜ਼ਰੀ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਬੱਚੀ ਮੁਤਾਬਕ ਉਹ ਆਪਣੇ ਪੈਰਾਂ ਦੀ ਇਸ ਹਾਲਤ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਅਤੇ ਨਵੇਂ ਬੂਟ ਲੈਣਾ ਚਾਹੁੰਦੀ ਹੈ। ਇਸ ਦੇ ਇਲਾਵਾ ਉਹ ਨੱਚਣਾ ਚਾਹੁੰਦੀ ਹੈ।


Related News