ਅਮਰੀਕਾ ''ਚ ਗਰਭਵਤੀ ਪੰਜਾਬਣ ਲਾਪਤਾ, ਪੁਲਸ ਨੇ ਭਾਲ ਲਈ ਮੰਗੀ ਜਨਤਾ ਤੋਂ ਮਦਦ

12/11/2017 5:53:42 PM

ਕਵੀਨਸ (ਏਜੰਸੀ)— ਅਮਰੀਕਾ ਦੇ ਨਿਊਯਾਰਕ ਦੇ ਸ਼ਹਿਰ ਕਵੀਨਸ 'ਚ ਇਕ ਗਰਭਵਤੀ ਪੰਜਾਬ ਲਾਪਤਾ ਹੋ ਗਈ ਹੈ, ਪੁਲਸ ਉਸ ਦੀ ਭਾਲ 'ਚ ਜੁਟੀ ਹੋਈ ਹੈ। ਲਾਪਤਾ ਹੋਈ ਪੰਜਾਬਣ ਦਾ ਨਾਂ ਅਮਰਜੀਤ ਕੌਰ ਹੈ। ਨਿਊਯਾਰਕ ਪੁਲਸ ਨੇ ਉਸ ਦੀ ਭਾਲ ਲਈ ਜਨਤਾ ਤੋਂ ਮਦਦ ਮੰਗੀ ਹੈ। ਪੁਲਸ ਮੁਤਾਬਕ ਅਮਰਜੀਤ ਦੇ ਪਤੀ ਲਖਵਿੰਦਰ ਮੁਲਤਾਨੀ ਨੇ ਦਰਜ ਕਰਵਾਈ ਰਿਪੋਰਟ 'ਚ ਦੱਸਿਆ ਕਿ ਉਸ ਦੀ ਪਤਨੀ 5 ਦਸੰਬਰ ਦੀ ਸਵੇਰੇ ਲਗਭਗ 10.30 ਵਜੇ ਕਾਰ 'ਚ ਸਵਾਰ ਹੋ ਕੇ ਬੈਂਕ ਗਈ ਸੀ ਅਤੇ ਬੈਂਕ 'ਚ ਕੋਈ ਚੈੱਕ ਜਮਾਂ ਕਰਵਾਉਣ ਤੋਂ ਮਗਰੋਂ ਉਹ ਮੁੜ ਕੇ ਘਰ ਨਹੀਂ ਪਰਤੀ। 
ਉਨ੍ਹਾਂ ਦੱਸਿਆ ਕਿ ਉਸ ਦਾ ਫੋਨ 114ਵੇਂ ਸਟਰੀਟ ਅਤੇ ਲਿਬਰਟੀ ਐਵੇਨਿਊ 'ਚ ਪਾਰਕਿੰਗ 'ਚ ਖੜ੍ਹੀ ਕਾਰ 'ਚ ਸੀ। ਲਖਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ 7 ਸਾਲ ਦੇ  ਜੁੜਵਾ ਮੁੰਡੇ ਹਨ ਅਤੇ ਉਹ 6 ਹਫਤਿਆਂ ਦੀ ਗਰਭਵਤੀ ਹੈ। ਪੁਲਸ ਨੂੰ ਦਿੱਤੀ ਰਿਪੋਰਟ 'ਚ ਲਖਵਿੰਦਰ ਨੇ ਦੱਸਿਆ ਕਿ ਉਸ ਨੇ ਬੱਚਿਆਂ ਦੇ ਸਕੂਲ ਵੀ ਫੋਨ ਕੀਤਾ ਪਰ ਉਹ ਬੱਚਿਆਂ ਨੂੰ ਵੀ ਸਕੂਲ ਤੋਂ ਲੈਣ ਨਹੀਂ ਗਈ। ਲਖਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ, ਅਸੀਂ ਉਸ ਦੀ ਉਡੀਕ ਕਰ ਰਹੇ ਹਾਂ ਕਿ ਉਹ ਘਰ ਪਰਤ ਆਵੇ। ਓਧਰ ਪੁਲਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਅਮਰਜੀਤ ਬਾਰੇ ਜਾਣਕਾਰੀ ਮਿਲੇ, ਉਹ ਸਾਡੇ ਨਾਲ ਸੰਪਰਕ ਕਾਇਮ ਕਰਨ।


Related News