ਪੁਰਤਗਾਲ-ਸਪੇਨ ਦੇ ਜੰਗਲਾਂ 'ਚ ਲੱਗੀ ਅੱਗ ਨੇ ਲਈ 45 ਲੋਕਾਂ ਦੀ ਜਾਨ

10/18/2017 3:42:15 PM

ਪੇਨਕੋਵਾ, (ਭਾਸ਼ਾ)— ਪੁਰਤਗਾਲ-ਸਪੇਨ ਦੇ ਜੰਗਲਾਂ 'ਚ ਪਿਛਲੇ ਹਫਤੇ ਤੋਂ ਅੱਗ ਲੱਗੀ ਸੀ ਜਿਸ 'ਤੇ ਕਾਬੂ ਪਾ ਲਿਆ ਗਿਆ ਹੈ। ਫਾਇਰ ਫਾਈਟਰਜ਼ ਦੀ ਟੀਮ ਲਈ ਰਾਹਤ ਦੀ ਗੱਲ ਇਹ ਰਹੀ ਕਿ ਇੱਥੇ ਰਾਤ ਭਰ ਮੀਂਹ ਪੈਂਦਾ ਰਿਹਾ ਅਤੇ ਹਵਾਵਾਂ ਰੁਕ ਗਈਆਂ। ਇਸ ਤਰ੍ਹਾਂ ਆਸਾਨੀ ਨਾਲ ਅੱਗ ਕਾਬੂ 'ਚ ਆ ਗਈ । ਇਸ ਅੱਗ ਨੇ ਪੁਰਤਗਾਲ 'ਚ 41 ਅਤੇ ਉੱਤਰੀ ਸਪੇਨ 'ਚ 4 ਲੋਕਾਂ ਦੀ ਜਾਨ ਲੈ ਲਈ ਅਤੇ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਪੁਰਤਗਾਲ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਉੱਤਰੀ ਅਤੇ ਮੱਧ ਹਿੱਸੇ 'ਚ ਤਬਾਹੀ ਮਚਾਉਣ ਵਾਲੀ ਭਿਆਨਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ। 
ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 37 ਤੋਂ ਵਧ ਕੇ 41 ਹੋ ਗਈ ਹੈ। ਏਜੰਸੀ ਨੇ ਕਿਹਾ ਕਿ ਅੱਗ 'ਚ 71 ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 16 ਦੀ ਹਾਲਤ ਗੰਭੀਰ ਹੈ ਅਤੇ ਇਕ ਵਿਅਕਤੀ ਅਜੇ ਤਕ ਲਾਪਤਾ ਹੈ। ਦੇਸ਼ 'ਚ ਮ੍ਰਿਤਕਾਂ ਦੇ ਸਨਮਾਨ 'ਚ ਬੁੱਧਵਾਰ ਤੋਂ 3 ਦਿਨ ਦਾ ਸੋਗ ਰੱਖਿਆ ਗਿਆ ਹੈ। ਮਰਨ ਵਾਲਿਆਂ 'ਚ ਇਕ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਪੁਰਤਗਾਲ ਦੇ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਜੰਗਲ ਪ੍ਰਬੰਧਾਂ ਅਤੇ ਫਾਇਰ ਫਾਈਟਰਜ਼ ਸੇਵਾ 'ਚ ਸੁਧਾਰ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ 'ਤੇ ਜ਼ੋਰ ਦਿੱਤਾ। ਸਰਹੱਦ ਦੇ ਪਾਰ ਸਪੇਨ ਦੇ ਗੈਲੀਸ਼ੀਆ ਸੂਬੇ 'ਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4 ਹੋ ਗਈ ਹੈ। ਇੱਥੇ ਐਤਵਾਰ ਨੂੰ ਅੱਗ ਲੱਗੀ ਸੀ। ਮੰਗਲਵਾਰ ਨੂੰ ਅਧਿਕਾਰੀਆਂ ਨੇ ਕਿਹਾ ਕਿ ਸਵੇਰੇ ਮੀਂਹ ਪੈਣ ਨਾਲ ਹਵਾਵਾਂ ਦੀ ਰਫਤਾਰ ਘੱਟ ਹੋਣ ਮਗਰੋਂ ਉਨ੍ਹਾਂ ਨੇ ਅਲਰਟ ਦਾ ਪੱਧਰ ਘਟਾ ਦਿੱਤਾ ਹੈ।


Related News