ਪਾਕਿ ਮੰਤਰੀ ਨੇ ਪੀ. ਆਈ. ਏ ਜਹਾਜ਼ ਵਿਚ ਆਮ ਲੋਕਾਂ ਨਾਲ ਕੀਤੀ ਯਾਤਰਾ

08/11/2017 5:15:17 PM

ਇਸਲਾਮਾਬਾਦ— ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਸਨ ਇਕਬਾਲ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀ. ਆਈ. ਏ.) ਦੇ ਇਸਲਾਮਾਬਾਦ ਤੋਂ ਲਾਹੌਰ ਜਾਣ ਵਾਲੇ ਜਹਾਜ਼ ਵਿਚ ਕਿਸੇ ਆਮ ਨਾਗਰਿਕ ਦੀ ਤਰ੍ਹਾਂ ਆਮ ਯਾਤਰੀਆਂ ਨਾਲ ਯਾਤਰਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 
ਇਕ ਰਿਪੋਰਟ ਮੁਤਾਬਕ ਸਾਬਕਾ ਨਵਾਜ਼ ਸ਼ਰੀਫ ਸਰਕਾਰ ਵਿਚ ਯੋਜਨਾ ਅਤੇ ਵਿਕਾਸ ਮੰਤਰੀ ਰਹੇ ਇਕਬਾਲ ਨੂੰ ਬਿਨ੍ਹਾਂ ਕਿਸੇ ਪ੍ਰੋਟੋਕਾਲ ਦੇ ਇਸਲਾਮਾਬਾਦ ਤੋਂ ਲਾਹੌਰ ਜਾਣ ਵਾਲੇ ਪੀ. ਆਈ. ਏ ਦੇ ਇਕ ਜਹਾਜ਼ ਵਿਚ ਦੇਖਿਆ ਗਿਆ ਸੀ। ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਵਿਚ ਉਨ੍ਹਾਂ ਨੂੰ ਗ੍ਰਹਿ ਮੰਤਰੀ ਦੇ ਤੌਰ 'ਤੇ ਚੁਣਿਆ ਗਿਆ ਸੀ। ਜਹਾਜ਼ ਤੋਂ ਉਤਰ ਕੇ ਮੰਤਰੀ ਹੋਰ ਯਾਤਰੀਆਂ ਨਾਲ ਹੀ ਯਾਤਰੀ ਵੈਨ ਵਿਚ ਬੈਠ ਗਏ। ਉਨ੍ਹਾਂ ਨਾਲ ਐਫ .ਆਈ. ਏ, ਏ. ਐਸ. ਐਫ, ਸਰਹੱਦੀ ਟੈਕਸ, ਪੁਲਸ ਦਾ ਕੋਈ ਕਰਮਚਾਰੀ ਨਹੀਂ ਸੀ। ਕਿਸੇ ਹੋਰ ਯਾਤਰੀ ਦੀ ਤਰ੍ਹਾਂ ਉਹ ਵੀ ਲੌਂਜ ਤੱਕ ਚੱਲ ਕੇ ਗਏ ਅਤੇ ਕਾਰ ਵਿਚ ਬੈਠ ਕੇ ਘਰ ਲਈ ਰਵਾਨਾ ਹੋ ਗਏ। ਉਨ੍ਹਾਂ ਨਾਲ ਇਸ ਤੋਂ ਪਹਿਲਾਂ ਕੰਮ ਕਰ ਚੁੱਕੇ ਅਧਿਕਾਰੀਆਂ ਨੇ ਦੱਸਿਆ ਕਿ ਇਕਬਾਲ ਲਈ ਪ੍ਰੋਟੋਕਾਲ ਤੋਂ ਬਿਨ੍ਹਾਂ ਯਾਤਰਾ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਗ੍ਰਹਿ ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ ਮੰਤਰੀ ਹਵਾਈਅੱਡੇ ਦੀ ਅਚਨਚੇਤ ਚੈਕਿੰਗ ਕਰ ਰਹੇ ਸਨ, ਇਸ ਲਈ ਉਹ ਉਥੇ ਬਿਨ੍ਹਾਂ ਕਿਸੇ ਪ੍ਰੋਟੋਕਾਲ ਦੇ ਗਏ ਸਨ।


Related News