ਪਾਕਿਸਤਾਨ ਏਅਰ ਚੀਫ ਨੇ ਅਮਰੀਕੀ ਡਰੋਨ ਨੂੰ ਮਾਰਨ ਦੇ ਦਿੱਤੇ ਆਦੇਸ਼

12/08/2017 1:32:42 AM

ਇਸਲਾਮਾਬਾਦ— ਪਾਕਿਸਤਾਨ ਏਅਰ ਫੋਰਸ ਚੀਫ ਸੋਹੇਲ ਅਮਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੀ ਫੋਰਸ ਨੂੰ ਆਦੇਸ਼ ਦਿੱਤਾ ਹੈ ਕਿ ਜੇਕਰ ਦੇਸ਼ ਦੇ ਏਅਰ ਸਪੇਸ ਦਾ ਉਲੰਘਣ ਕੀਤਾ ਜਾਂਦਾ ਹੈ ਤਾਂ ਅਮਰੀਕਾ ਸਣੇ ਕਿਸੇ ਵੀ ਦੇਸ਼ ਦੇ ਡਰੋਨ ਨੂੰ ਮਾਰ ਸੁੱਟੋ।
ਜ਼ਿਕਰਯੋਗ ਹੈ ਕਿ ਕਰੀਬ 2 ਹਫਤੇ ਪਹਿਲਾਂ ਅਮਰੀਕੀ ਡਰੋਨ ਨੇ ਅਫਗਾਨਿਸਤਾਨ ਬਾਰਡਰ ਨੇੜੇ ਪਾਕਿਸਤਾਨ ਦੇ ਆਦਿਵਾਸੀ ਇਲਾਕੇ 'ਚ 3 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਪਾਕਿਸਤਾਨ ਨੇ ਹਮੇਸ਼ਾ ਆਪਣੀ ਜ਼ਮੀਨ 'ਤੇ ਡਰੋਨ ਹਮੇਲੇ ਦੀ ਨਿੰਦਾ ਕੀਤੀ ਹੈ ਪਰ ਕਦੀ ਇਹ ਨਹੀਂ ਕਿਹਾ ਕਿ ਉਹ ਇਨ੍ਹਾਂ ਨੂੰ ਮਾਰ ਸੁੱਟੇਗਾ। ਏਅਰ ਚੀਫ ਮਾਰਸ਼ਲ ਸੋਹੇਲ ਅਮਨ ਨੇ ਇਸਲਾਮਾਬਾਦ 'ਚ ਕਿਹਾ, 'ਅਸੀਂ ਕਿਸੇ ਨੂੰ ਆਪਣੇ ਏਅਰ ਸਪੇਸ ਦਾ ਉਲੰਘਣ ਨਹੀਂ ਕਰਨ ਦਿਆਂਗੇ। ਮੈਂ ਪੀ.ਏ.ਐੱਫ. ਨੂੰ ਕਿਹਾ ਕਿ ਸਾਡੀ ਹਕੂਮਤ ਤੇ ਖੇਤਰੀ ਅਖੰਡਤਾ ਦਾ ਉਲੰਘਣ ਕਰਨ ਵਾਲੇ ਡਰੋਨ ਨੂੰ ਮਾਰ ਦੇਣ ਭਾਵੇ ਉਹ ਅਮਰੀਕਾ ਹੋਣ।'
ਜੇਕਰ ਪਾਕਿਸਤਾਨੀ ਅਧਿਕਾਰੀ ਅੱਤਵਾਦੀ ਟਿਕਾਣਿਆਂ 'ਤੇ ਅਮਰੀਕੀ ਮਿਜ਼ਾਇਲ ਹਮਲੇ ਨੂੰ ਪਾਕਿਸਤਾਨ ਦੀ ਹਕੂਮਤ ਦਾ ਉਲੰਘਣ ਮੰਨਦੇ ਹਨ ਤਾਂ ਉਹ 2004 ਤੋਂ ਹੀ ਹੋ ਰਹੇ ਹਨ। 30 ਨਵੰਬਰ 2017 ਤਕ ਪਾਕਿਸਤਾਨ 'ਚ ਸਾਰੇ ਡਰੋਨ ਹਮਲੇ ਸੀ.ਆਈ.ਏ. ਨੇ ਕੀਤੇ ਹਨ। ਹਰੇਕ ਡਰੋਨ ਹਮਲੇ ਤੋਂ ਬਾਅਦ ਪਾਕਿਸਤਾਨ ਵਿਦੇਸ਼ ਮੰਤਰਾਲਾ ਨਿੰਦਾ ਕਰਦੇ ਹੋਏ ਇਕ ਬਿਆਨ ਜਾਰੀ ਕਰਦਾ ਹੈ ਤੇ ਦਾਅਵਾ ਕਰਦਾ ਹੈ ਕਿ ਉਹ ਆਪਣੀ ਜ਼ਮੀਨ 'ਤੇ ਅਜਿਹੇ ਹਮਲੇ ਦੀ ਮਨਜ਼ੂਰੀ ਨਹੀਂ ਦੇਵੇਗਾ। ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਹਮਲਿਆਂ 'ਚ ਬੱਚਿਆਾਂ ਤੇ ਮਹਿਲਾਵਾਂ ਸਣੇ ਸੈਂਕੜੇ ਨਾਗਰਿਕ ਤੇ ਅੱਤਵਾਦੀ ਸਮੂਹਾਂ ਦੇ ਮੈਂਬਰ ਮਾਰੇ ਜਾ ਚੁੱਕੇ ਹਨ। ਇਸ 'ਚ ਕਿਤੇ ਜ਼ਿਆਦਾ ਲੋਕ ਲਾਪਤਾ ਹਨ।


Related News