ਪਾਕਿਸਤਾਨ : ਲੜੀਵਾਰ ਤਿੰਨ ਧਮਾਕਿਆਂ ''ਚ 38 ਦੀ ਮੌਤ ਤੇ 120 ਜ਼ਖਮੀ

06/23/2017 10:58:13 PM

ਇਸਲਾਮਾਬਾਦ— ਪਾਕਿਸਤਾਨ ਸ਼ੁੱਕਰਵਾਰ ਨੂੰ ਤਿੰਨ ਬੰਬ ਧਮਾਕਿਆਂ ਨਾਲ ਦਹਿਲ ਗਿਆ। ਪਹਿਲਾ ਬੰਬ ਧਮਾਕਾ ਗੁਲਿਸਤਾਨ ਰੋਡ ਇਲਾਕੇ ਤੇ ਦੋ ਧਮਾਕੇ ਪਾਕਿਸਤਾਨ ਦੇ ਸੰਘੀ ਪ੍ਰਸ਼ਾਸਨਕ ਆਦਿਵਾਸੀ ਇਲਾਕੇ ਕੁਰਮ ਦੇ ਪਾਰਚੀਨਾਰ ਇਲਾਕੇ 'ਚ ਹੋਏ, ਜਿਨ੍ਹਾਂ 'ਚ ਘੱਟ ਤੋਂ ਘੱਟ 38 ਲੋਕਾਂ ਦੀ ਮੌਤ ਹੋ ਗਈ ਤੇ 120 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। 
ਪਾਕਿਸਤਾਨ ਦੇ ਇਕ ਅਖਬਾਰ ਦੀ ਰਿਪੋਰਟ ਮੁਤਾਬਕ ਇਹ ਧਮਾਕੇ ਸੰਘਣੀ ਆਬਾਦੀ ਵਾਲੇ ਇਲਾਕਿਆਂ 'ਚ ਕੀਤੇ ਗਏ। ਮ੍ਰਿਤਕਾਂ ਤੇ ਜ਼ਖਮੀਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਫਿਲਹਾਲ ਇਸ ਹਮਲੇ ਦੀ ਜ਼ਿੰਮੇਦਾਰੀ ਕਿਸੇ ਸੰਗਠਨ ਨੇ ਨਹੀਂ ਲਈ ਹੈ। ਇਸ ਘਟਨਾ ਦੇ ਬਾਅਦ ਇਲਾਕੇ 'ਚ ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਜਾ ਰਿਹਾ ਹੈ।
ਹਸਪਤਾਲ ਦੇ ਮੁੱਖ ਡਾਕਟਰ ਸਬੀਰ ਹੁਸੈਨ ਨੇ ਦੱਸਿਆ ਕਿ ਬਜ਼ਾਰ ਤੇ ਤਾਲ ਅੱਡਾ 'ਚ ਹੋਏ ਧਮਾਕਿਆਂ 'ਚ ਘੱਟ ਤੋਂ ਘੱਟ 25 ਲੋਕਾਂ ਦੀ ਜਾਨ ਗਈ ਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਹਸਪਤਾਲਾਂ 'ਚ ਐਮਰਜੰਸੀ ਲਾਗੂ ਕਰ ਦਿੱਤੀ ਗਈ ਹੈ ਤਾਂ ਕਿ ਜ਼ਖਮੀਆਂ ਦੇ ਇਲਾਜ 'ਚ ਤੇਜ਼ੀ ਲਿਆਂਦੀ ਜਾ ਸਕੇ। 
ਦੱਸਿਆ ਜਾ ਰਿਹਾ ਹੈ ਕਿ ਈਦ ਦੀ ਖਰੀਦਦਾਰੀ ਲਈ ਲੋਕ ਭਾਰੀ ਗਿਣਤੀ 'ਚ ਬਜ਼ਾਰ 'ਚ ਸਨ। ਧਮਾਕੇ ਦੇ ਬਾਅਦ ਸੁਰੱਖਿਆ ਦਸਤੇ ਨੇ ਇਲਾਕੇ ਨੂੰ ਘੇਰ ਲਿਆ ਹੈ। ਇਸ ਦੇ ਨਾਲ ਹੀ ਤਲਾਸ਼ੀ ਅਭਿਆਨ ਵੀ ਜਾਰੀ ਕੀਤਾ ਗਿਆ ਹੈ।


Related News