ਓਨਟਾਰੀਓ ਸਕੂਲ ਬੋਰਡਜ਼ ਵੱਲੋਂ ਮੁਸਲਮਾਨਾਂ ਦੀ ਕੀਤੀ ਜਾ ਰਹੀ ਹਮਾਇਤ ਦਾ ਮਾਮਲਾ ਗਰਮਾਇਆ

04/21/2017 3:17:58 PM

ਟੋਰਾਂਟੋ— ਓਨਟਾਰੀਓ ਸਕੂਲ ਬੋਰਡ ਵੱਲੋਂ ਮੁਸਲਮਾਨ ਵਿਦਿਆਰਥੀਆਂ ਦੇ ਨਮਾਜ਼ ਅਦਾ ਕਰਨ ਵਾਸਤੇ ਹਰ ਸ਼ੁੱਕਰਵਾਰ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਥਾਂ ਦੇ ਮੁੱਦੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਹੁਣ ਮੁਸਲਮਾਨ ਵਿਦਿਆਰਥੀਆਂ ਨੂੰ ਜਾਨੋਂ ਮਾਰਨ ਅਤੇ ਮਸਜਿਦ ਨੂੰ ਅੱਗ ਲਾਏ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਹਨ। 
ਮਿਸੀਸਾਗਾ ਦੇ ਇਮਾਮ ਇਬਰਾਹਿਮ ਹਿੰਡੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਨੂੰ ਇਕ ਈ-ਮੇਲ ਮਿਲੀ ਜਿਸ ਵਿਚ ਇਕ ਵਿਅਕਤੀ ਨੂੰ ਫਾਹੇ ਲਾਏ ਜਾਣ ਦੀ ਤਸਵੀਰ ਭੇਜ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਸੋਸ਼ਲ ਮੀਡੀਆ ''ਤੇ ਵੀ ਉਸ ਨੂੰ ਇਹ ਮੈਸੇਜ ਮਿਲਿਆ ਕਿ ਮਸਜਿਦ, ਜੋ ਕਿ ਕਈ ਸ਼ੈਤਾਨਾਂ ਦੇ ਲੁਕਣ ਦੀ ਸੁਰੱਖਿਅਤ ਥਾਂ ਹੈ, ਉਸ ਨੂੰ ਵੀ ਸਾੜ ਦਿੱਤਾ ਜਾਣਾ ਚਾਹੀਦਾ ਹੈ। 
ਹਿੰਡੀ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਹੀ ਪੁਲਸ ਨਾਲ ਸੰਪਰਕ ਕੀਤਾ ਤੇ ਪੁਲਸ ਨੇ ਮਸਜਿਦ ਦੁਆਲੇ ਗਸ਼ਤ ਵਧਾਏ ਜਾਣ ਦਾ ਵਾਅਦਾ ਕੀਤਾ ਹੈ। ਪੁਲਸ ਹਿੰਡੀ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਾਂ। ਹਿੰਡੀ, ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਮਲਟੀਫੇਥ ਗਰੁੱਪ ਦੇ ਵੀ ਮੈਂਬਰ ਹਨ। ਇਹ ਗਰੁੱਪ ਸਾਲ ਵਿੱਚ ਚਾਰ ਵਾਰੀ ਮਿਲਦਾ ਹੈ ਤੇ ਐਜੂਕੇਟਰਜ਼ ਨੂੰ ਇਹ ਸਲਾਹ ਦਿੰਦਾ ਹੈ ਕਿ ਵੱਖੱਵੱਖ ਧਰਮਾਂ ਨੂੰ ਮੰਨਣ ਵਾਲੇ ਵਿਦਿਆਰਥੀਆਂ ਦੇ ਖਾਸ ਧਾਰਮਿਕ ਦਿਨਾਂ ਉੱਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਬਣਦੀ ਖੁੱਲ੍ਹ ਦਿੱਤੀ ਜਾਵੇ। ਮੁਸਲਮਾਨ ਵਿਦਿਆਰਥੀਆਂ ਨੂੰ ਨਮਾਜ਼ ਅਦਾ ਕਰਨ ਲਈ ਸਕੂਲਾਂ ਵੱਲੋਂ ਵੱਖਰੀ ਥਾਂ ਮੁਹੱਈਆ ਕਰਵਾਏ ਜਾਣ ਦੇ ਮਾਮਲੇ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਮੁਸਲਮਾਨ ਵਿਰੋਧੀ ਅਨਸਰ ਸਰਗਰਮ ਹੋ ਗਏ ਹਨ। ਆਲੋਚਕਾਂ ਦਾ ਤਰਕ ਹੈ ਕਿ ਧਰਮਨਿਰਪੱਖ ਸਕੂਲ ਸਿਸਟਮ ਵਿਚ ਧਰਮ ਨੂੰ ਵੱਖਰੇ ਤੌਰ ''ਤੇ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ।

Kulvinder Mahi

News Editor

Related News