ਨਿਊਯਾਰਕ 'ਚ ਅੱਤਵਾਦੀ ਹਮਲੇ ਮਗਰੋਂ ਟਰੰਪ ਨੇ ਇਮੀਗ੍ਰੇਸ਼ਨ ਨੀਤੀ 'ਚ ਸੁਧਾਰ ਦੀ ਆਖੀ ਗੱਲ

12/12/2017 3:24:58 PM

ਨਿਊਯਾਰਕ, (ਭਾਸ਼ਾ)— ਨਿਊਯਾਰਕ ਸਿਟੀ 'ਚ ਇਕ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਪਿੱਛੇ ਅੱਤਵਾਦੀ ਸੰਗਠਨ ਆਈ.ਐੱਸ ਨਾਲ ਪ੍ਰਭਾਵਿਤ ਬੰਗਲਾਦੇਸ਼ੀ ਮੂਲ ਦੇ ਇਕ ਵਿਅਕਤੀ ਦਾ ਨਾਂ ਆਉਣ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਸਖਤ ਕਦਮ ਚੁੱਕਣ ਦੀ ਗੱਲ ਆਖੀ ਹੈ। ਟਰੰਪ ਨੇ ਕਿਹਾ ਕਿ ਕਾਂਗਰਸ ਅਮਰੀਕੀ ਲੋਕਾਂ ਦੀ ਸੁਰੱਖਿਆ ਲਈ ਇਮੀਗ੍ਰੇਸ਼ਨ ਨਿਯਮਾਂ 'ਚ ਸੁਧਾਰ ਲਾਗੂ ਕਰੇ। ਸੋਮਵਾਰ ਸਵੇਰੇ ਹੋਏ ਇਸ ਅੱਤਵਾਦੀ ਹਮਲੇ 'ਚ ਚਾਰ ਲੋਕ ਜ਼ਖਮੀ ਹੋਏ ਸਨ। 
ਹਮਲੇ ਪਿੱਛੇ 27 ਸਾਲਾ ਸ਼ੱਕੀ ਅਕਾਇਦ ਉੱਲਾ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਦੇ ਕੋਲ ਤਾਰ ਅਤੇ ਇਕ ਪਾਈਪ ਬੰਬ ਸੀ ਜੋ ਉਸ ਨੇ ਆਪਣੇ ਸਰੀਰ ਨਾਲ ਲਪੇਟਿਆ ਹੋਇਆ ਸੀ। ਅਮਰੀਕਾ ਦੀ ਸਭ ਤੋਂ ਵੱਡੇ ਟਰਮੀਨਲ ਬੰਦਰਗਾਹ ਕੋਲ ਦੋ ਸਬ-ਵੇਅ ਪਲੈਟਫਾਰਮ ਵਿਚਕਾਰ ਬੰਬ ਨਿਰਧਾਰਤ ਸਮੇਂ ਤੋਂ ਪਹਿਲਾਂ ਫੱਟ ਗਿਆ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਹ ਪਿਛਲੇ ਦੋ ਮਹੀਨਿਆਂ 'ਚ ਨਿਊਯਾਰਕ 'ਚ ਦੂਜਾ ਅੱਤਵਾਦੀ ਹਮਲਾ ਹੈ। ਜਾਣਕਾਰੀ ਮੁਤਾਬਕ ਇਹ ਹਮਲਾਵਰ ਨਿਊਯਾਰਕ ਸਿਟੀ 'ਚ ਪਰਿਵਾਰਕ ਵੀਜ਼ੇ 'ਤੇ ਸੱਤ ਸਾਲ ਪਹਿਲਾਂ ਬੰਗਲਾਦੇਸ਼ ਤੋਂ ਆਇਆ ਸੀ। ਟਰੰਪ ਨੇ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੀ ਵੀਜ਼ਾ ਪ੍ਰਣਾਲੀ ਨੂੰ ਮੁੜ ਰੇਖਾਂਕਿਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਖਤਰਨਾਕ ਇਰਾਦਿਆਂ ਵਾਲੇ ਲੋਕ ਦੇਸ਼ 'ਚ ਦਾਖਲ ਹੋ ਰਹੇ ਹਨ। 
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਵੀ ਕਿਹਾ ਹੈ ਕਿ ਇਹ ਹਮਲਾ ਇਸ ਗੱਲ ਨੂੰ ਰੇਖਾਂਕਿਤ ਕਰਦਾ ਹੈ ਕਿ ਕਾਂਗਰਸ ਰਾਸ਼ਟਰੀ ਸੁਰੱਖਿਆ ਅਤੇ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਲੇ ਇਮੀਗ੍ਰੇਸ਼ਨ ਸੁਧਾਰਾਂ 'ਤੇ ਰਾਸ਼ਟਰਪਤੀ ਦੇ ਨਾਲ ਮਿਲ ਕੇ ਕੰਮ ਕਰੇ।


Related News