ਕੁਰਸੀ ਹੱਥੋਂ ਜਾਣ ਤੋਂ ਬਾਅਦ ਹੁਣ ਸ਼ਰੀਫ ਨੂੰ ਆਈ ਅਜਿਹਾ ਕਾਨੂੰਨ ਲਿਆਉਣ ਦੀ ਯਾਦ

08/14/2017 7:04:46 PM

ਲਾਹੌਰ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕੁਰਸੀ ਹੱਥੋਂ ਜਾਣ ਤੋਂ ਬਾਅਦ ਇਕ ਨਵਾਂ ਕਾਨੂੰਨ ਲਿਆਉਣ ਦੇ ਪੱਖ 'ਚ ਹਨ, ਜਿਸ ਨਾਲ ਕਿਸੇ ਵੀ ਪੀ. ਐੱਮ. ਨੂੰ ਅਚਾਨਕ ਅਹੁਦੇ ਤੋਂ ਬਰਖਾਸਤ ਕਰਨ 'ਤੇ ਰੋਕ ਲੱਗੇ। ਲਾਹੌਰ ਵਿਚ ਸ਼ਰੀਫ ਨੇ ਆਪਣੇ ਸਹਿਯੋਗੀਆਂ ਨੂੰ ਇਹ ਗੱਲ ਆਖੀ। ਨਵਾਜ਼ ਨੇ ਕਿਹਾ, ''ਸਾਨੂੰ ਇਕ ਨਵੀਂ ਵਿਵਸਥਾ ਲਾਗੂ ਕਰਨੀ ਹੋਵੇਗੀ। ਇਕ ਨਵਾਂ ਕਾਨੂੰਨ ਹੀ ਪੁਰਾਣੀਆਂ ਖਾਮੀਆਂ ਨਾਲ ਭਰੀ ਵਿਵਸਥਾ ਦੀ ਥਾਂ ਲੈ ਸਕਦਾ ਹੈ। ਸ਼ਰੀਫ ਨੇ ਕਿਹਾ, ''ਹੁਣ ਸਾਨੂੰ ਇਕ ਅਜਿਹੇ ਕਾਨੂੰਨ ਦੀ ਲੋੜ ਹੈ, ਜਿਸ ਵਿਚ ਕੋਈ ਵੀ ਕਿਸੇ ਤਰ੍ਹਾਂ ਨਾਲ ਪੀ. ਐੱਮ. ਨੂੰ ਅਹੁਦੇ ਤੋਂ ਹਟਾ ਨਾ ਸਕੇ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਮੈਂ ਸੜਕ 'ਤੇ ਉਤਰ ਕੇ ਕ੍ਰਾਂਤੀ ਲਿਆਵਾਂਗਾ।
ਇਸ ਦੇ ਨਾਲ ਹੀ ਨਵਾਜ਼ ਸ਼ਰੀਫ ਨੇ ਉਨ੍ਹਾਂ 5 ਜੱਜਾਂ ਦੀ ਆਲੋਚਨਾ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਪਨਾਮਾ ਪੇਪਰਸ ਕੇਸ ਵਿਚ ਪੀ. ਐੱਮ. ਲਈ ਅਯੋਗ ਕਰਾਰ ਦਿੱਤਾ ਸੀ। ਸ਼ਰੀਫ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਪੀ. ਐੱਮ. ਨੂੰ ਅਹੁਦੇ ਤੋਂ ਹਟਾਇਆ ਜਾਂਦਾ ਰਿਹਾ ਤਾਂ ਦੇਸ਼ ਵਾਪਸ 1971 ਵਰਗੀ ਸਥਿਤੀ ਵਿਚ ਪਹੁੰਚ ਸਕਦਾ ਹੈ। ਸ਼ਰੀਫ ਨੇ ਕਿਹਾ, ''ਅੱਲ੍ਹਾ ਪਾਕਿਸਤਾਨ ਨੂੰ 1971 ਵਰਗੀ ਸਥਿਤੀ ਵਿਚ ਜਾਣ ਤੋਂ ਬਚਾਏ। ਹੁਣ ਸਮਾਂ ਆ ਗਿਆ ਹੈ, ਜਦੋਂ ਚੁਣੇ ਗਏ ਪੀ. ਐੱਮ. ਦਾ ਇਸ ਤਰ੍ਹਾਂ ਨਾਲ ਅਪਮਾਨ ਬੰਦ ਹੋਣਾ ਚਾਹੀਦਾ ਹੈ। ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।''


Related News