ਅਮਰੀਕਾ 'ਚ ਮੋਦੀ-ਟਰੰਪ ਕਰਨਗੇ ਮੁਲਾਕਾਤ, ਜਾਣੋ ਕੀ ਹੈ ਟਾਈਮ ਟੇਬਲ

06/26/2017 4:30:32 PM

ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਯਾਤਰਾ 'ਤੇ ਗਏ ਹੋਏ ਹਨ। ਸੋਮਵਾਰ ਭਾਵ ਅੱਜ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵ੍ਹਾਈਟ ਹਾਊਸ 'ਚ ਮੁਲਾਕਾਤ ਕਰਨ ਤੋਂ ਬਾਅਦ ਰਾਤ ਦਾ ਭੋਜਨ ਕਰਨਗੇ। ਜਿਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ, ਜਿਸ 'ਚ ਦੋਵੇਂ ਨੇਤਾ ਸ਼ਾਮਲ ਰਹਿਣਗੇ। ਦੱਸਣ ਯੋਗ ਹੈ ਕਿ ਟਰੰਪ ਨੇ ਮੋਦੀ ਦੇ ਅਮਰੀਕਾ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਸੱਚਾ ਦੋਸਤ ਦੱਸਿਆ ਸੀ। ਓਧਰ ਮੋਦੀ ਨੇ ਕਿਹਾ ਸੀ ਕਿ ਉਹ ਟਰੰਪ ਨਾਲ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਬੇਹੱਦ ਉਤਸ਼ਾਹਤ ਹਨ।
ਇਹ ਹੋਵੇਗਾ ਦੋਹਾਂ ਨੇਤਾਵਾਂ ਦੀ ਮੁਲਾਕਾਤ ਦਾ ਸਮਾਂ—
ਭਾਰਤੀ ਸਮੇਂ ਅਨੁਸਾਰ ਰਾਤ 1 ਵਜ ਕੇ 20 ਮਿੰਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ 20 ਮਿੰਟ ਦੀ ਗੱਲਬਾਤ ਹੋਵੇਗੀ, ਜਿਸ ਵਿਚ ਸਿਰਫ ਦੋਵੇਂ ਨੇਤਾ ਹੀ ਸ਼ਾਮਲ ਰਹਿਣਗੇ। ਇਸ ਤੋਂ ਬਾਅਦ ਵਫਦ ਪੱਧਰੀ ਗੱਲਬਾਤ ਹੋਵੇਗੀ, ਜਿਸ 'ਚ ਦੋਹਾਂ ਦੇਸ਼ਾਂ ਦੇ ਉੱਚ ਅਧਿਕਾਰੀ ਸ਼ਾਮਲ ਹੋਣਗੇ ਅਤੇ ਇਸ ਤੋਂ ਬਾਅਦ ਪ੍ਰੈੱਸ ਕਾਨਫੰਰਸ ਆਯੋਜਿਤ ਕੀਤੀ ਜਾਵੇਗੀ। 
ਇਸ ਤੋਂ ਪਹਿਲਾਂ ਇਹ ਤੈਅ ਕੀਤਾ ਗਿਆ ਸੀ ਕਿ ਮੋਦੀ ਅਤੇ ਟਰੰਪ ਪੱਤਰਕਾਰਾਂ ਨੂੰ ਸੰਬੋਧਨ ਕਰਨਗੇ ਅਤੇ ਕਿਸੇ ਵੀ ਪੱਤਰਕਾਰ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣਗੇ ਪਰ ਇਸ 'ਚ ਬਦਲਾਅ ਕਰਦੇ ਹੋਏ ਅਮਰੀਕਾ ਅਤੇ ਭਾਰਤ ਨੇ ਹੁਣ ਤੈਅ ਕੀਤਾ ਹੈ ਕਿ ਉਨ੍ਹਾਂ ਦੀ ਬੈਠਕ ਨੂੰ ਲੈ ਕੇ ਸੰਯੁਕਤ ਬਿਆਨ ਜਾਰੀ ਕੀਤਾ ਜਾਵੇਗਾ।
ਭਾਰਤੀ ਅਧਿਕਾਰੀ ਦੋਹਾਂ ਨੇਤਾਵਾਂ ਦੀ ਆਹਮਣੇ-ਸਾਹਮਣੇ ਹੋਣ ਵਾਲੀ ਇਸ ਮੁਲਾਕਾਤ ਨੂੰ ਬਹੁਤ ਜ਼ਿਆਦਾ ਉਮੀਦਾਂ ਨਹੀਂ ਬੰਨ੍ਹਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁਲਾਕਾਤ ਆਪਸੀ ਮੇਲ-ਜੋਲ ਵਧਾਉਣ ਅਤੇ ਦੋਸਤਾਨਾ ਰਿਸ਼ਤੇ ਕਾਇਮ ਕਰਨ 'ਤੇ ਕੇਂਦਰਿਤ ਹੋਵੇਗੀ। 
ਦੱਸਣ ਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਮੋਦੀ ਦੀ ਇਹ 5ਵੀਂ ਅਮਰੀਕੀ ਯਾਤਰਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਉਨ੍ਹਾਂ ਦੇ ਸੰਬੰਧਾ ਦੇ ਨਤੀਜੇ ਵਜੋਂ ਸਾਲ 2015 ਦੀ ਗਣੰਤਤ ਦਿਵਸ ਪਰੇਡ 'ਚ ਓਬਾਮਾ ਨੂੰ ਮੁੱਖ ਮਹਿਮਾਨ ਦੇ ਰੂਪ 'ਚ ਸੱਦਾ ਦਿੱਤਾ ਗਿਆ ਸੀ। 


Related News