ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਨੂੰ ਦੱਸਿਆ ਸਫ਼ਲ

05/30/2017 2:47:36 PM

ਸਿਓਲ— ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਨੂੰ ਸਫ਼ਲ ਕਰਾਰ ਦਿੱਤਾ ਹੈ। ਇਕ ਦਿਨ ਪਹਿਲਾਂ ਹੀ ਉਸ ਨੇ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ ਜੋ ਕਿ ਜਾਪਾਨ ਦੇ ਨੇੜੇ ਸਾਗਰ 'ਚ ਜਾ ਕੇ ਡਿੱਗੀ ਸੀ। ਉੱਤਰੀ ਕੋਰੀਆ ਦੇ ਸ਼ਾਸ਼ਕ ਕਿਮ ਜੋਂਗ ਉਨ ਦੀ ਨਿਗਰਾਨੀ 'ਚ ਇਸ ਨਵੀਂ ਤਰ੍ਹਾਂ ਦੀ ਗਾਈਡਡ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਹੈ। ਪਿਓਂਗਯਾਂਗ ਨੇ ਤਿੰਨ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਤੀਜਾ ਮਿਜ਼ਾਈਲ ਪ੍ਰੀਖਣ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਪ੍ਰਤੀਬੰਧਾਂ ਦੀ ਚਿਤਾਵਨੀ ਅਤੇ ਫੌਜੀ ਕਾਰਵਾਈ ਦੀਆਂ ਅਮਰੀਕੀ ਧਮਕੀਆਂ ਦੇ ਬਾਵਜੂਦ ਉੱਤਰੀ ਕੋਰੀਆ ਇਕ ਤੋਂ ਬਾਅਦ ਇਕ ਮਿਜ਼ਾਈਲ ਪ੍ਰੀਖਣ ਕਰ ਰਿਹਾ ਹੈ। ਸਰਕਾਰੀ ਨਿਊਜ਼ ਏਜੰਸੀ ਕੇ.ਸੀ.ਐੱਨ ਦੀ ਖ਼ਬਰ 'ਚ ਕਿਹਾ, ''ਬੈਲਿਸਟਿਕ ਰਾਕੇਟ ਪੂਰਬ ਵੱਲ ਉੱਡਿਆ ਅਤੇ ਉਸ ਨੇ ਪਹਿਲਾਂ ਤੋਂ ਤੈਅ ਨਿਸ਼ਾਨੇ 'ਤੇ ਸਟੀਕ ਹਮਲਾ ਕੀਤਾ।'' ਦੱਖਣੀ ਕੋਰੀਆ ਦੀ ਫੌਜ ਨੇ ਪਹਿਲਾਂ ਕਿਹਾ ਸੀ ਕਿ ਇਸ ਮਿਜ਼ਾਈਲ ਨੇ ਪੂਰਬ ਦੀ ਦਿਸ਼ਾਂ 'ਚ 450 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਜਾਪਾਨ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਉਸ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਜਲ ਖੇਤਰ 'ਚ ਡਿੱਗੀ ਹੈ। ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਪ੍ਰੀਖਣ ਨੇ ਚੀਨ ਦੇ ਪ੍ਰਤੀ ਅਨਾਦਰ ਦਿਖਾਇਆ ਹੈ।


Related News