ਸੁੱਤੀ ਕੌਮ ਨੂੰ ਜਗਾਉਣ ਲਈ ਮਿਸ਼ਨਰੀ ਗੀਤ ਲਿਖਣਾ ਜ਼ਰੂਰੀ

06/22/2017 5:07:31 PM

ਰੋਮ/ਇਟਲੀ (ਕੈਂਥ)—ਇਟਲੀ ਨਿਵਾਸੀ ਮਿਸ਼ਨਰੀ ਗੀਤਕਾਰ ਜਗਦੀਪ ਕੁਮਾਰ ਉਰਫ਼ ਮਾਣ੍ਹੀ ਫ਼ਗਵਾੜਾ 8ਵੀਂ ਕਲਾਸ 'ਚ ਪੜ੍ਹਦਾ ਹੀ ਗੀਤ ਲਿਖਣ ਲੱਗ ਪਿਆ ਸੀ ਅਤੇ ਮਾਣ੍ਹੀ ਨੇ ਪ੍ਰਸਿੱਧ ਗੀਤਕਾਰ ਲਾਲ ਅਠੌਲੀ ਵਾਲੇ ਨੂੰ ਉਸਤਾਦ ਧਾਰ ਲਿਆ।ਇਟਲੀ ਦੀ ਰਾਜਧਾਨੀ ਰੋਮ ਵਿਖੇ ਹੋਈ ਇੱਕ ਗੈਰ-ਰਸਮੀ ਮੁਲਾਕਾਤ ਦੌਰਾਨ ਮਾਣ੍ਹੀ ਫ਼ਗਵਾੜਾ ਨੇ ਦੱਸਿਆ ਕਿ ਉਸ ਵਲੋਂ ਲਿਖਿਆ ਪਹਿਲਾ ਗੀਤ ਚਰਚਿਤ ਲੋਕ ਗਾਇਕ ਰਾਜੂ ਮਾਹੀ ਨੇ ਗਾਇਆ ਜਿਸ ਨੂੰ ਪੰਜਾਬ ਦੀ ਨਾਮਵਰ ਮਿਊਜ਼ਿਕ ਕੰਪਨੀ ਬਾਹੀਆ ਰਿਕਾਰਡਿੰਗ ਨੇ ਰਿਕਾਰਡ ਕੀਤਾ। ਉਸ ਤੋਂ ਬਾਅਦ ਅੱਜ ਤੱਕ ਮਾਣ੍ਹੀ ਫ਼ਗਵਾੜਾ ਨੇ ਕਦੀ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਹੁਣ ਤੱਕ ਉਹ ਲਗਭਗ 200 ਤੋਂ ਵੱਧ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਗੀਤ ਲਿਖ ਚੁੱਕਾ ਹੈ। ਮਿਸ਼ਨ ਤੋਂ ਇਲਾਵਾ ਉਹ ਕਰੀਬ 350 ਗੀਤ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਵੀ ਲਿੱਖ ਚੁੱਕਾ ਹੈ, ਜਿਨ੍ਹਾਂ ਨੂੰ ਹੁਣ ਤੱਕ ਪੰਜਾਬ ਦੇ ਨਾਮੀ ਕਲਾਕਾਰ ਮਨੀ ਮਾਨ, ਕਾਕਾ ਭੈਣੀਆ ਵਾਲਾ, ਮਨਦੀਪ ਮਿੱਕੀ, ਰਾਜੂ ਮਾਹੀ, ਜਸਵੀਰ ਮਾਹੀ, ਕੁਲਵਿੰਦਰ ਲੱਡੂ, ਰਾਜਨ ਮੱਟੂ, ਜੀਤੀ ਸਿੰਘ, ਗਰੀਮਾ ਨੂਰ, ਰਾਮਪਾਲ ਰਲ੍ਹ, ਸੰਜੀਵ ਰਾਜਾ, ਮੱਲ ਜੱਟ, ਬੂਟਾ ਹੁਸ਼ਿਆਰਪੁਰੀ, ਸੁਖਦੇਵ ਚੌਹਾਨ, ਜੋਨੀ ਕੈਲੇ, ਸ਼ਾਲਾਪੁਰੀ ਮਨਜੀਤ, ਜੋਤੀ ਵਿਰਕ, ਅਸ਼ਵਨੀ, ਨਿਰਮਲ ਨਿੰਮਾ, ਨੀਰੂ ਕਲੇਰ ਅਤੇ ਬਲਜਿੰਦਰ ਰਿੰਪੀ ਆਦਿ ਆਪਣੀਆਂ ਸੁਰੀਲੀਆਂ ਆਵਾਜ਼ਾਂ 'ਚ ਰਿਕਾਰਡ ਕਰਵਾ ਚੁੱਕੇ ਹਨ।
ਅੱਜਕਲ੍ਹ ਇਟਲੀ ਦੇ ਆਰਜ਼ੀਨਿਆਨੋ ਵਿਖੇ ਰਹਿ ਰਹੇ ਮਾਣ੍ਹੀ ਫ਼ਗਵਾੜਾ ਵਲੋਂ ਲਿਖੇ ਮਿਸ਼ਨਰੀ ਗੀਤ ਜਿਸ ਨੂੰ ਚਰਚਿਤ ਮਿਸ਼ਨਰੀ ਗਾਇਕ ਮਨੀ ਮਾਨ ਨੇ ਆਪਣੀ ਬੁਲੰਦ ਆਵਾਜ਼ 'ਚ ਗਾਇਆ 'ਸਾਡਾ ਲੱਖ-ਲੱਖ ਹੈ ਪਰਨਾਮ ਅਮ੍ਰਿਤਬਾਣੀ ਨੂੰ' ਤੇ ਦੋ ਹੰਸਾਂ ਦੇ ਜੋੜੇ 'ਚੋ ਇੱਕ ਹੰਸ ਉਡਾਰੀ ਮਾਰ ਗਿਆ, ਨੂੰ ਰਵੀਦਾਸੀਆ ਕੌਮ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਮਾਣ੍ਹੀ ਫਗਵਾੜਾ ਦੀ ਮਿਸ਼ਨ ਪ੍ਰਤੀ ਲਗਨ ਅਤੇ ਸ਼ਰਧਾ ਦੇਖ ਇਟਲੀ ਦੀਆਂ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਸਭਾਵਾਂ ਵਲੋਂ ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਮਾਣ੍ਹੀ ਫ਼ਗਵਾੜਾ ਦਾ ਮਿਸ਼ਨਰੀ ਗੀਤ ਲਿਖਣ ਦਾ ਇਹੀ ਮਕਸਦ ਸੁੱਤੀ ਪਈ ਕੌਮ ਨੂੰ ਜਗਾਉਣਾ ਹੈ ਤਾਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਧੂਰਾ ਮਿਸ਼ਨ ਪੂਰਾ ਹੋ ਸਕੇ।


Related News