ਰਾਫਟਿੰਗ ਕਰ ਰਹੇ ਮਾਂ-ਪੁੱਤ ਨਾਲ ਵਾਪਰਿਆ ਭਾਣਾ ਪਰ ਹੋਇਆ ਬਚਾਅ

06/27/2017 3:40:25 PM

ਕੈਲਗਰੀ— ਗਰਮੀ ਦੇ ਮੌਸਮ 'ਚ ਲੋਕ ਪਾਣੀ ਨਾਲ ਜੁੜੀਆਂ ਖੇਡਾਂ ਤੇ ਤੈਰਾਕੀ ਦਾ ਆਨੰਦ ਲੈਂਦੇ ਹਨ। ਕਈ ਵਾਰ ਉਹ ਆਪਣੀ ਸੁਰੱਖਿਆ ਦਾ ਧਿਆਨ ਨਹੀਂ ਰੱਖਦੇ ਤੇ ਦੁਰਘਟਨਾਵਾਂ ਦੇ ਸ਼ਿਕਾਰ ਹੁੰਦੇ ਹਨ। ਕੈਲਗਰੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਮਾਂ ਤੇ ਉਸ ਦੇ ਪੁੱਤ ਨੂੰ ਸੁਰੱਖਿਅਤ ਬਚਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਂ ਤੇ ਉਸ ਦੇ ਪੁੱਤ ਨੇ ਰਾਫਟਿੰਗ ਕਰਨ ਦੌਰਾਨ ਲਾਈਫ ਜੈਕਟ ਪਹਿਨੀ ਹੋਈ ਸੀ। ਜੇਕਰ ਉਨ੍ਹਾਂ ਨੇ ਆਪਣੀ ਸੁਰੱਖਿਆ ਦਾ ਧਿਆਨ ਨਾ ਰੱਖਿਆ ਹੁੰਦਾ ਤਾਂ ਉਨ੍ਹਾਂ ਦਾ ਬਚਣਾ ਮੁਸ਼ਕਲ ਹੋ ਜਾਣਾ ਸੀ। 

ਹਾਰਵੀ ਪੈਸੇਜ ਦੇ ਵਾਟਰ ਪਾਰਕ ਨੇੜੇ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸ਼ਤੀ ਕਿਸੇ ਚੀਜ਼ ਨਾਲ ਟਕਰਾ ਗਈ ਉਹ ਪਾਣੀ 'ਚ ਡਿੱਗ ਗਏ। ਐਮਰਜੈਂਸੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਤੇ ਸਫਲ ਰਹੇ। ਬਚਾਅ ਤੇ ਸੁਰੱਖਿਆ ਵਿਭਾਗ ਨੇ ਕਿਹਾ ਕਿ ਉਹ ਲੋਕਾਂ ਅੱਗੇ ਅਪੀਲ ਕਰਦੇ ਹਨ ਕਿ ਉਹ ਬਿਨਾਂ ਲਾਈਫ ਜੈਕਟ ਪਾਇਆਂ ਰਾਫਟਿੰਗ ਕਰਨ ਨਾ ਜਾਣ।


Related News