ਲੰਡਨ ਮੇਅਰ ਸਾਦਿਕ ਖਾਨ ਨੇ ਮੁਹੰਮਦ ਜਿੰਨਾ ਦੇ ਮਕਬਰੇ ਅੱਗੇ ਟੇਕਿਆ ਮੱਥਾ

12/09/2017 1:55:22 PM

ਲੰਡਨ (ਏਜੰਸੀ)- ਲੰਡਨ ਦੇ ਮੇਅਰ ਸਾਦਿਕ ਖਾਨ ਸ਼ੁੱਕਰਵਾਰ ਨੂੰ ਕਰਾਚੀ ਵਿਚ ਸਥਿਤ ਮੁਹੰਮਦ ਅਲੀ ਜਿੰਨਾ ਦੇ ਮਕਬਰੇ ’ਤੇ ਗਏ। ਸਾਦਿਕ ਖਾਨ ਇਨੀਂ ਦਿਨੀਂ ਆਪਣੇ ‘ਲੰਡਨ ਇਜ਼ ਓਪਨ’ ਮੁਹਿੰਮ ਨੂੰ ਹੁੰਗਾਰਾ ਦੇਣ ਦੇ ਮਕਸਦ ਨਾਲ ਪਾਕਿਸਤਾਨ ਦੀ ਸਦਭਾਵਨਾ ਯਾਤਰਾ ’ਤੇ ਗਏ ਹੋਏ ਹਨ। ਸਾਦਿਕ ਖਾਣ ਸ਼ਹਿਰ ਵਿਚ ਵੀਰਵਾਰ ਨੂੰ ਪਹੁੰਚੇ ਸਨ। ਪਾਕਿਸਤਾਨੀ ਮੂਲ ਦੇ ਮੇਅਰ ਨੇ ਉਥੇ ਜਿੰਨਾ ਦੀ ਮਜ਼ਾਰ ’ਤੇ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਕਰਾਚੀ ਆ ਕੇ ਬਹੁਤ ਮਾਣ ਮਹਿਸੂਸ ਕਰਦੇ ਹਨ ਅਤੇ ਲੰਡਨ ਤੋਂ ਇਥੇ ਸਭ ਲਈ ਇਕ ਸੰਦੇਸ਼ ਲੈ ਕੇ ਆਏ ਹਨ। ਖਾਨ ਨੇ ਕਿਹਾ ਕਿ ਲੰਡਨ ਸਿੱਖਿਆ, ਵਰਤਾਓ ਅਤੇ ਸੈਲਾਨੀਆਂ ਲਈ ਤੁਹਾਡਾ ਸਵਾਗਤ ਕਰਦਾ ਹੈ। ਲੰਡਨ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਲੰਡਨ ਮੁਸਲਿਮ, ਸਿੱਖ ਹਿੰਦੂ ਅਤੇ ਸਾਰੇ ਰੰਗਾਂ ਅਤੇ ਨਸਲਾਂ ਦੇ ਲੋਕਾਂ ਦਾ ਘਰ ਹੈ। ਇਸ ਦੌਰਾਨ ਖਾਨ ਨੇ ਹਬੀਬ ਯੂਨੀਵਰਸਿਟੀ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਵੀ ਸ਼ਿਰਕਤ ਕੀਤੀ, ਜਿਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਕਰਾਚੀ ਉਨ੍ਹਾਂ ਦੀ ਯਾਤਰਾ ਦਾ ਆਖਰੀ ਪੜਾਅ ਹੈ। ਬੁੱਧਵਾਰ ਨੂੰ ਉਹ ਆਪਣੇ 16 ਮੈਂਬਰਾਂ ਦੇ ਵਫਦ ਨਾਲ ਭਾਰਤ ਦੀ ਵਾਹਗਾ ਸਰਹੱਦ ਤੋਂ ਹੋ ਕੇ ਲਾਹੌਰ ਪਹੁੰਚੇ ਸਨ। ਉਨ੍ਹਾਂ ਨੇ ਪ੍ਰਧਾਨ ਮੰਤੀਰ ਸ਼ਾਹਿਦ ਖਾਕਾਨ ਅੱਬਾਸੀ ਨਾਲ ਮੁਲਾਕਾਤ ਵੀ ਕੀਤੀ। ਪਾਕਿਸਤਾਨ ਪਹੁੰਚਦਿਆਂ ਹੀ ਸਾਦਿਕ ਖਾਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਮਨ ਅਤੇ ਸ਼ਾਂਤੀ ਬਹਾਲੀ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ।


Related News