ਬੀਤੇ 50 ਸਾਲਾਂ ਤੋਂ ਇੱਥੇ ਸੁਲਗ ਰਹੀ ਹੈ ਇਹ ਜ਼ਮੀਨ, ਜਾਣੋ ਇਸ ਦੇ ਪਿੱਛੇ ਦਾ ਕਾਰਨ

08/18/2017 5:17:00 PM

ਪਿਨਸਿਲਵੇਨੀਆ— ਅਮਰੀਕਾ ਦੇ ਪਿਨਸਿਲਵੇਨੀਆ ਵਿਚ ਸਥਿਤ ਸੈਂਟ੍ਰਾਲੀਆ ਟਾਊਨ ਬੀਤੇ ਕਾਫੀ ਸਮੇਂ ਤੋਂ ਲੋਕਾਂ ਵਿਚ 'ਹੌਟ ਟੌਪਿਕ' ਬਣਿਆ ਹੋਇਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਇਸ ਟਾਊਨ ਦੀ ਸੁਲਗਦੀ ਹੋਈ ਗਰਮ ਜ਼ਮੀਨ। ਬੀਤੇ ਕੁਝ ਸਾਲਾਂ ਤੋਂ ਇਹੀ ਰਹੱਸ ਲੋਕਾਂ ਨੂੰ ਲਗਾਤਾਰ ਆਪਣੇ ਵੱਲ ਖਿੱਚ ਰਿਹਾ ਹੈ। ਕਦੇ ਇਸ ਟਾਊਨ ਵਿਚ 1400 ਤੋਂ ਜ਼ਿਆਦਾ ਲੋਕ ਰਹਿੰਦੇ ਸਨ ਪਰ ਲੱਗਭਗ 55 ਸਾਲ ਪਹਿਲਾਂ ਲੱਗੀ ਇਕ ਭੂਮੀਗਤ ਅੱਗ ਕਾਰਨ ਇੱਥੇ ਰਹਿਣ ਵਾਲੇ ਲੋਕ ਇਸ ਜਗ੍ਹਾ ਨੂੰ ਛੱਡ ਕਿਤੇ ਹੋਰ ਚਲੇ ਗਏ। ਹੁਣ ਇੱਥੇ ਸਿਰਫ 6 ਲੋਕ ਰਹਿੰਦੇ ਹਨ।
ਇੱਥੇ ਆਉਣ ਵਾਲੇ ਲੋਕਾਂ ਲਈ ਲੱਗੇ ਹਨ ਚਿਤਾਵਨੀ ਬੋਰਡ
ਅਮਰੀਕਾ ਵਿਚ 'ਘੋਸਟ ਟਾਊਨ' ਦੇ ਨਾਂ ਨਾਲ ਜਾਣਿਆ ਜਾਣ ਵਾਲਾ ਸੇਂਟ੍ਰਾਲੀਆ ਟਾਊਨ ਸੈਲਾਨੀਆਂ ਲਈ ਘੁੰਮਣ ਵਾਲੀ ਥਾਂ ਬਣ ਚੁੱਕਾ ਹੈ। ਕਦੇ ਇਹ ਸ਼ਹਿਰ ਕੋਇਲੇ ਦੀਆਂ ਖਾਨਾਂ ਲਈ ਮਸ਼ਹੂਰ ਸੀ। ਸਾਲ 1962 ਵਿਚ ਕਸਬੇ ਦੇ ਆਲੇ-ਦੁਆਲੇ ਫੈਲੇ ਕੂੜੇ ਦੇ ਢੇਰ ਵਿਚ ਅੱਗ ਲੱਗ ਗਈ ਸੀ, ਜਿਸ ਮਗਰੋਂ ਇਹ ਅੱਗ ਹੌਲੀ-ਹੌਲੀ ਕਸਬੇ ਦੀ ਪਰਤ ਦੇ ਥੱਲ੍ਹੇ ਮੌਜੂਦ ਕੋਇਲੇ ਦੀਆਂ ਖਾਨਾਂ ਤੱਕ ਜਾ ਪੁੱਜੀ। ਜ਼ਮੀਨ ਅੰਦਰ ਲਗਾਤਾਰ ਵੱਧਦੀ ਅੱਗ ਕਾਰਨ ਇੱਥੇ ਕਾਰਬਨ-ਮੋਨੋਆਕਸਾਈਡ ਜਿਹੀਆਂ ਜ਼ਹਿਰੀਲੀਆਂ ਗੈਸਾਂ ਫੈਲਣ ਲੱਗੀਆਂ ਸਨ। ਇਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਇਹ ਜਗ੍ਹਾ ਛੱਡਣੀ ਪਈ।
ਸਰਕਾਰ ਨੇ ਅੱਗ ਬੁਝਾਉਣ ਲਈ 661 ਮਿਲੀਅਨ ਡਾਲਰ ਖਰਚ ਕਰਨ ਨਾਲੋਂ ਬਿਹਤਰ 42 ਮਿਲੀਅਨ ਡਾਲਰ ਦੀ ਮਦਦ ਨਾਲ ਇੱਥੋਂ ਦੇ ਲੋਕਾਂ ਨੂੰ ਦੂਜੇ ਸ਼ਹਿਰਾਂ ਵਿਚ ਵਸਾਉਣਾ ਠੀਕ ਸਮਝਿਆ।
250 ਸਾਲ ਤੱਕ ਬਲਦੀ ਰਹੇਗੀ ਇੱਥੇ ਦੀ ਜ਼ਮੀਨ
ਮਾਹਰਾਂ ਮੁਤਾਬਕ ਇਸ ਕਸਬੇ ਦੀ ਜ਼ਮੀਨ ਵਿਚ ਹੁਣ ਵੀ ਇੰਨਾ ਕੋਇਲਾ ਮੌਜੂਦ ਹੈ ਕਿ ਇਹ ਜਗ੍ਹਾ ਲੱਗਭਗ 250 ਸਾਲ ਤੱਕ ਇਸ ਤਰ੍ਹਾਂ ਹੀ ਸੁਲਗਦੀ ਰਹੇਗੀ। ਲਗਾਤਾਰ ਕੋਇਲਾ ਬਲਣ ਕਾਰਨ ਇੱਥੋਂ ਦੀਆਂ ਸੜਕਾਂ ਗਲ ਗਈਆਂ ਹਨ। ਇਨ੍ਹਾਂ ਸੜਕਾਂ 'ਤੇ ਮੋਜੂਦ ਗੱਢਿਆਂ ਵਿਚੋਂ ਹਰ ਸਮੇਂ ਧੂੰਆਂ ਨਿਕਲਦਾ ਰਹਿੰਦਾ ਹੈ।


Related News