ਤੁਰਕੀ ਵਿਚ ਸੀਰੀਅਨ ਵਰਕਰ ਅਤੇ ਉਸ ਦੀ ਪੱਤਰਕਾਰ ਬੇਟੀ ਦੀ ਮਿਲੀ ਲਾਸ਼

09/22/2017 5:04:25 PM

ਅੰਕਾਰਾ (ਭਾਸ਼ਾ)— ਤੁਰਕੀ ਦੀ ਸਮਾਚਾਰ ਏਜੰਸੀ ਨੇ ਕਿਹਾ ਹੈ ਕਿ ਇਸਤਾਂਬੁਲ ਵਿਚ ਇਕ ਸੀਰੀਅਨ ਵਰਕਰ ਅਤੇ ਉਸ ਦੀ ਪੱਤਰਕਾਰ ਬੇਟੀ ਦੀ ਉਨ੍ਹਾਂ ਦੇ ਘਰ ਵਿਚ ਹੱਤਿਆ ਕਰ ਦਿੱਤੀ ਗਈ ਹੈ। ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ 60 ਸਾਲਾ ਅਰੂਬਾ ਬਰਕਤ ਅਤੇ ਉਸ ਦੀ 22 ਸਾਲਾ ਬੇਟੀ ਹਾਲਾ ਬਰਕਤ ਦੀਆਂ ਲਾਸ਼ਾਂ ਕੱਲ ਉਦੋਂ ਮਿਲੀਆਂ  ਜਦੋਂ ਹਾਲਾ ਦੇ ਕੰਮ 'ਤੇ ਨਾ ਪਹੁੰਚਣ ਕਾਰਨ ਉਸ ਦੇ ਦੋਸਤਾਂ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। 
ਤੁਰਕੀ ਵਿਚ ਵਰਕਰਾਂ 'ਤੇ ਲੜੀਵਾਰ ਹਮਲੇ ਹੁੰਦੇ ਰਹੇ ਹਨ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਤੁਰਕੀ ਵਿਚ ਚਾਰ ਪੱਤਰਕਾਰਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਸੀਰੀਆ ਦੇ ਬਾਗੀ ਵਰਕਰਾਂ ਮੁਤਾਬਕ ਅਰੂਬਾ ਸੀਰੀਅਨ ਨੈਸ਼ਨਲ ਕੌਂਸਲ ਦੀ ਮੈਂਬਰ ਸੀ। ਉਨ੍ਹਾਂ ਨੇ ਸੀਰੀਆ ਦੇ ਰਾਸ਼ਟਰਪਤੀ ਵਿਰੁੱਧ ਵਿਦਰੋਹ ਦਾ ਸਮਰਥਨ ਕੀਤਾ ਸੀ ਪਰ ਨਾਲ ਹੀ ਬਾਗੀਆਂ ਦੇ ਕੁਝ ਹਿੱਸਿਆਂ ਦੀ ਨਿੰਦਾ ਵੀ ਕੀਤੀ ਸੀ। ਅਰੂਬਾ ਦੀ ਬੇਟੀ ਬਾਗੀਆਂ ਦੇ ਮੀਡੀਆ ਸਮੂਹ 'ਓਰੀਅੰਟ ਨਿਊਜ਼' ਲਈ ਕੰਮ ਕਰ ਰਹੀ ਸੀ। ਨਿਊਜ਼ ਏਜੰਸੀ ਨੇ ਕਿਹਾ ਕਿ ਇਨ੍ਹਾਂ ਔਰਤਾਂ ਦੇ ਸਰੀਰ 'ਤੇ ਚਾਕੂ ਦੇ ਨਿਸ਼ਾਨ ਮਿਲੇ ਹਨ।


Related News