ਨੌਜਵਾਨ ਪੁੱਤ ਦੀ ਮੌਤ ਦਾ ਸੰਤਾਪ ਝੱਲ ਰਹੇ ਇਸ ਆਸਟਰੇਲੀਅਨ ਸਿੱਖ ਨੇ ਕੀਤਾ ਵੱਡਾ ਦਾਨ

06/24/2017 6:40:19 PM

ਸਿਡਨੀ— ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਜਿੱਥੇ ਵੀ ਹੋਣ ਲੋੜਵੰਦਾਂ ਦੀ ਮਦਦ ਲਈ ਜ਼ਰੂਰ ਖੜ੍ਹੇ ਹੁੰਦੇ ਹਨ। ਸਿਡਨੀ 'ਚ ਰਹਿਣ ਵਾਲੇ ਸਿੱਖ ਜਸਪਾਲ ਸਿੰਘ ਧਾਲੀਵਾਲ ਨੇ ਗ੍ਰਿਫਿਥ ਦੀ ਸਿੱਖ ਸੰਗਤ ਲਈ ਵੱਡਾ ਦਾਨ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਗ੍ਰਿਫਿਥ ਸਿੱਖ ਗੇਮਜ਼ ਨਾਲ ਸੰਬੰਧਤ ਹੈ, ਸਿਡਨੀ 'ਚ ਹਰ ਸਾਲ ਗ੍ਰਿਫਿਥ ਸ਼ਹੀਦੀ ਮੇਲਾ ਕਰਵਾਇਆ ਜਾਂਦਾ ਹੈ। ਹਰ ਸਾਲ ਜੂਨ ਮਹੀਨੇ ਸਿੱਖ ਭਾਈਚਾਰਾ ਦੋ ਦਿਨਾਂ ਖੇਡ ਦਾ ਆਯੋਜਨ ਕਰਦਾ ਹੈ। ਇਨ੍ਹਾਂ ਖੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਹਾਜ਼ਰ ਹੋਣ ਵਾਲਿਆਂ ਲਈ ਖੇਡ ਪ੍ਰਬੰਧਕ ਕਮੇਟੀ ਲੰਗਰ ਦੀ ਸੇਵਾ ਜ਼ਰੂਰ ਕਰਦੀ ਹੈ। ਇਸ ਉਦੇਸ਼ ਲਈ ਆਟੋਮੈਟਿਕ ਰੋਟੀ ਮਸ਼ੀਨ ਖਰੀਦਣ ਦੀ ਯੋਜਨਾ ਬਣਾਈ ਗਈ ਸੀ। 
ਇਸ ਸਭ ਨੂੰ ਦੇਖਦੇ ਹੋਏ ਜਸਪਾਲ ਸਿੰਘ ਧਾਲੀਵਾਲ ਮਦਦ ਲਈ ਅੱਗੇ ਆਏ ਅਤੇ ਉਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਸੋਸਾਇਟੀ, ਗ੍ਰਿਫਿਥ ਲਈ ਮਦਦ ਵਜੋਂ ਵਜੋਂ 11,000 ਆਸਟਰੇਲੀਅਨ ਡਾਲਰ ਦਾਨ ਕੀਤੇ ਤਾਂ ਕਿ ਇਸ ਆਟੋਮੈਟਿਕ ਮਸ਼ੀਨ ਨੂੰ ਖਰੀਦਿਆ ਜਾ ਸਕੇ। ਇੱਥੇ ਦੱਸ ਦੇਈਏ ਕਿ ਜਸਪਾਲ ਪਿਛਲੇ 27 ਸਾਲਾਂ ਤੋਂ ਸਿਡਨੀ 'ਚ ਰਹਿ ਰਹੇ ਹਨ। ਉਨ੍ਹਾਂ ਦਾ ਜਨਮ ਦਿੱਲੀ 'ਚ ਹੋਇਆ। 1990 'ਚ ਉਹ ਆਸਟਰੇਲੀਆ ਆ ਕੇ ਵੱਸ ਗਏ ਅਤੇ ਇੱਥੇ ਉਨ੍ਹਾਂ ਨੇ ਏਅਰ ਕੰਡੀਸ਼ਨਰ ਅਤੇ ਫਰਿੱਜ ਮਕੈਨਿਕ ਦੇ ਰੂਪ 'ਚ ਵਪਾਰਕ ਹੁਨਰ ਦੇ ਆਧਾਰ 'ਤੇ ਕੰਮ ਸ਼ੁਰੂ ਕੀਤਾ ਸੀ। ਧਾਲੀਵਾਲ ਪਰਿਵਾਰ ਦਾ ਇਕੋ-ਇਕ 23 ਸਾਲਾ ਲੜਕਾ ਦਿਲਪ੍ਰੀਤ ਸਿੰਘ ਕੁਝ ਸਾਲ ਪਹਿਲਾਂ ਦੁਰਘਟਨਾ 'ਚ ਮਾਰਿਆ ਗਿਆ। ਜਸਪਾਲ ਸਿੰਘ ਦਾ ਕਹਿਣਾ ਹੈ ਕਿ ਗੁਰੂ ਜੀ ਦੇ ਆਸ਼ੀਰਵਾਦ ਸਦਕਾ ਜਿੰਨਾ ਹੋ ਸਕੇ ਅਸੀਂ ਉਸ ਦੀ ਪਿਆਰ ਭਰੀ ਯਾਦ 'ਚ ਦਾਨ ਦਿੰਦੇ ਹਾਂ।

ਜਸਪਾਲ ਨੇ ਕਿਹਾ ਕਿ ਮੈਨੂੰ ਬਹੁਤ ਵੱਡੀ ਖੁਸ਼ੀ ਹੋਈ ਹੈ ਕਿ ਇਹ ਛੋਟੀ ਜਿਹੀ ਰਾਸ਼ੀ ਮੈਂ ਗ੍ਰਿਫਿਥ ਸਿੱਖ ਸੰਗਤ ਲਈ ਦਿਤੀ ਹੈ ਅਤੇ ਖੇਡ ਪ੍ਰਬੰਧਕ ਕਮੇਟੀ ਨੇ ਇਸ ਨੂੰ ਨਿਮਰਤਾਪੂਰਵਕ ਸਵੀਕਾਰ ਕੀਤਾ। ਕਮੇਟੀ ਦਾ ਕਹਿਣਾ ਹੈ ਕਿ ਮਸ਼ੀਨ ਨੂੰ ਖਰੀਦਣਾ ਉਨ੍ਹਾਂ ਲਈ ਲੰਬੇ ਸਮੇਂ ਤੋਂ ਏਜੰਡਾ ਰਿਹਾ ਸੀ। ਇਹ ਮਸ਼ੀਨ ਇਕ ਘੰਟੇ 'ਚ 1000 ਰੋਟੀਆਂ ਬਣਾਉਂਦੀ ਹੈ। ਕਮੇਟੀ ਹੁਣ ਭਾਰਤ ਤੋਂ ਇਹ ਮਸ਼ੀਨ ਖਰੀਦਣ ਲਈ ਸਲਾਹ-ਮਸ਼ਵਰਾ ਕਰ ਰਹੀ ਹੈ।
 


Related News