ਜੈਨਬ ਦੇ ਰੇਪ ਤੇ ਕਤਲ ਦਾ ਸ਼ੱਕੀ ਗ੍ਰਿਫਤਾਰ

01/17/2018 9:49:06 PM

ਇਸਲਾਮਾਬਾਦ— ਪਾਕਿਸਤਾਨੀ ਅਧਿਕਾਰੀਆਂ ਨੇ 7 ਸਾਲਾਂ ਬੱਚੀ ਜੈਨਬ ਅੰਸਾਰੀ ਨਾਲ ਬਲਾਤਕਾਰ ਤੇ ਕਤਲ ਦੇ ਇਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਨਾਲ ਰੇਪ ਤੇ ਕਤਲ ਮਾਮਲੇ 'ਚ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕਈ ਲੋਕਾਂ ਤੋਂ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਪੁਲਸ ਉਸ ਨੂੰ ਮੁੱਖ ਦੋਸ਼ੀ ਮੰਨ ਰਹੀ ਹੈ। ਪੁਲਸ ਨੇ ਦੱਸਿਆ ਕਿ ਕਈ ਸਬੂਤ ਮਿਲੇ ਹਨ, ਉਹ ਇਸ ਵਿਅਕਤੀ ਦੇ ਦੋਸ਼ੀ ਹੋਣ ਵੱਲ ਇਸ਼ਾਰਾ ਕਰ ਰਹੇ ਹਨ।
ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਕਸੂਰ ਦਾ ਦੌਰਾ ਕਰ ਜਾਂਚ ਅਧਿਕਾਰੀਆਂ ਨਾਲ ਬੈਠਕ ਕੀਤੀ, ਹਾਲਾਂਕਿ ਉਨ੍ਹਾਂ ਨੇ ਬੈਠਕ ਤੋਂ ਬਾਅਦ ਸ਼ੱਕੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੁਲਸ ਤੇ ਜਾਂਚ ਅਧਿਕਾਰੀ ਇਸ ਮਾਮਲੇ ਨੂੰ ਹੱਲ ਕਰਨ ਦੇ ਬੇਹੱਦ ਨੇੜੇ ਹਨ ਤੇ ਕੁਝ ਹੀ ਦਿਨਾਂ ਜਾਂ ਘੰਟਿਆਂ 'ਚ ਨਤੀਜਾ ਸਾਹਮਣੇ ਆ ਜਾਵੇਗਾ। ਉਨ੍ਹਾਂ ਨੇ ਹੱਤਿਆਰੇ ਦੀ ਸੂਚਨਾ ਦੇਣ ਵਾਲੇ ਨੂੰ 90 ਹਜ਼ਾਰ ਡਾਲਰ ਦੇਣ ਦਾ ਵੀ ਐਲਾਨ ਕੀਤੀ। ਜ਼ਿਕਰਯੋਗ ਹੈ ਕਿ ਜੈਨਬ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਉਸ ਦੇ ਰਿਸ਼ਤੇਦਾਰਾਂ ਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਗਿਆ ਸੀ ਤੇ ਉਸ ਦੇ ਚਾਰ ਦਿਨ ਬਾਅਦ ਪਿਛਲੇ ਹਫਤੇ ਮੰਗਲਵਾਰ ਨੂੰ ਉਸ ਦੀ ਲਾਸ਼ ਕਚਰੇ 'ਚੋਂ ਮਿਲੀ ਸੀ। ਪੋਸਟਮਾਰਟਮ ਦੌਰਾਨ ਉਸ ਨਾਲ ਰੇਪ ਦੇ ਸੰਕੇਤ ਮਿਲੇ ਸਨ। 
ਬੱਚੀ ਦੇ ਮਾਤਾ ਪਿਤਾ ਉਸ ਵੇਲੇ ਉਮਰਾ ਕਰਨ ਸਾਊਦੀ ਅਰਬ ਗਏ ਹੋਏ ਸਨ, ਜਿਸ ਕਾਰਨ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਰਹੀ ਸੀ। ਪੁਲਸ ਨੇ ਇਸ ਸਬੰਧ 'ਚ ਪਹਿਲਾਂ ਚਾਰ ਲੋਕਾਂ ਨੂੰ ਹਿਰਾਸਤ 'ਚ ਲਿਆ ਸੀ। ਪੰਜਾਬ ਦੇ ਕਸੂਰ ਇਲਾਕੇ 'ਚ ਬੀਤੇ ਬੁੱਧਵਾਰ ਨੂੰ ਭੜਕੀ ਹਿੰਸਾ ਦੌਰਾਨ ਪੁਲਸ ਵਲੋਂ ਕੀਤੀ ਕਾਰਵਾਈ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਪ੍ਰਦਸ਼ਨਕਾਰੀਆਂ ਨੇ ਪੁਲਸ 'ਤੇ ਦੋਸ਼ੀਆਂ ਨੂੰ ਫੜਨ 'ਚ ਅਸਫਲ ਰਹਿਣ ਦੇ ਦੋਸ਼ ਲਗਾਏ ਸਨ।


Related News