ਇਟਲੀ ਦਾ ਪਿੱਜ਼ਾ ਯੂਨੈਸਕੋ ਦੀ ''ਅਮੂਰਤ ਵਿਰਾਸਤ'' ਸੂਚੀ ''ਚ ਹੋਇਆ ਸ਼ਾਮਲ

12/07/2017 4:23:57 PM

ਸੋਲ(ਭਾਸ਼ਾ)— ਇਟਲੀ ਦੇ ਨੈਪਲਜ਼ ਪਿੱਜ਼ਾ ਨੂੰ ਯੂਨੈਸਕੋ (UNESCO) ਨੇ ਅੱਜ ਆਪਣੀ ''ਅਮੂਰਤ ਵਿਰਾਸਤ'' ਦੀ ਸੂਚੀ ਵਿਚ ਸ਼ਾਮਲ ਕੀਤਾ। ਇਟਲੀ ਦੇ ਦੱਖਣੀ ਸ਼ਹਿਰ ਨੈਪਲਜ਼ ਵਿਚ 'ਪਿੱਜੋਲੋ' ਦੀ ਕਲਾ ਪੀੜ੍ਹੀ-ਦਰ-ਪੀੜ੍ਹੀ ਚੱਲਦੀ ਆ ਰਹੀ ਹੈ। ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਸੰਸਥਾ ਵਿਸ਼ਵ ਵਿਰਾਸਤ ਕਮੇਟੀ ਨੇ ਦੱਖਣੀ ਕੋਰੀਆਈ ਟਾਪੂ ਜੇਜੂ ਵਿਚ ਹੋਈ ਬੈਠਕ ਵਿਚ ਇਟਲੀ ਦੇ ਪਿੱਜ਼ੇ ਨੂੰ ਅਮੂਰਤ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ। ਐਸੋਸੀਏਸ਼ਨ ਆਫ ਨੈਪਾਲੀਟਨ ਪਿੱਜੋਲੋ ਦੇ ਪ੍ਰਮੁੱਖ ਰਸਿਜਯੋ ਮਿੱਕੁ ਅਨੁਸਾਰ ਕਰੀਬ 20 ਲੱਖ ਲੋਕਾਂ ਨੇ ਨੈਪਲਜ਼ ਦੀ ਐਪਲੀਕੇਸ਼ਨ ਦਾ ਸਮਰਥਨ ਕੀਤਾ। ਇਸ ਤੋਂ ਪਹਿਲਾਂ ਐਸੋਸੀਏਸ਼ਨ ਨੇ ਕਿਹਾ ਸੀ ਕਿ ਜੇਕਰ ਵਰ੍ਹਿਆਂ ਪੁਰਾਣੀ ਇਹ ਪਾਕ ਕਲਾ ਪ੍ਰਸਿੱਧ ਸੂਚੀ ਵਿਚ ਸ਼ਾਮਲ ਹੋ ਜਾਂਦੀ ਹੈ ਤਾਂ ਉਹ ਮੁਫਤ ਵਿਚ ਪਿੱਜ਼ਾ ਦੇਵੇਗੀ। ਪਿੱਜੋਲੋ ਕਲਾ ਵਿਚ ਪਿੱਜ਼ੇ ਦੇ ਆਟੇ ਨੂੰ ਫੁਲਾਉਣ ਲਈ ਉਸ ਨੂੰ ਹਵਾ ਵਿਚ ਉਛਾਲਨਾ ਦੇਖਣ ਲਾਇਕ ਹੁੰਦਾ ਹੈ। ਇਟਲੀ ਦੇ ਖੇਤੀਬਾੜੀ, ਖਾਦ ਅਤੇ ਜੰਗਲਾਤ ਮੰਤਰੀ ਮਾਰਿਜਿਓ ਮਾਰਟਿਨਾ ਨੇ ਇਸ ਨੂੰ ਜਿੱਤ ਦੱਸਦੇ ਹੋਏ ਟਵਿਟਰ ਉੱਤੇ ਕਿਹਾ, ''ਇਹ ਇਟਲੀ ਦੇ ਭੋਜਨ ਅਤੇ ਸ਼ਰਾਬ ਵਿਰਾਸਤ ਦੀ ਰੱਖਿਆ ਵੱਲ ਇਕ ਹੋਰ ਕਦਮ ਹੈ।'' ਯੂਨੈਸਕੋ ਦੀ ਸੂਚੀ ਵਿਚ ਪਹਿਲਾਂ ਹੀ 350 ਤੋਂ ਜ਼ਿਆਦਾ ਪਰੰਪਰਾਵਾਂ, ਕਲਾ ਰੂਪ ਅਤੇ ਸਪੇਨ ਦੇ ਫਲੈਮੇਂਕੋ ਨਾਚ ਤੋਂ ਲੈ ਕੇ ਇੰਡੋਨੇਸ਼ੀਆ ਦੇ ਬਾਟਿਕ ਕੱਪੜੇ ਤੱਕ ਸ਼ਾਮਲ ਹਨ। ਸਾਊਦੀ ਅਰਬ ਦੀ ਕੰਧ ਉੱਤੇ ਪੇਂਟਿੰਗ ਕਰਨ ਦੀ ਕਲਾ ਨੂੰ ਵੀ ਅਮੂਰਤ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਰਵਾਇਤੀ ਤੌਰ ਉੱਤੇ ਔਰਤਾਂ ਇਹ ਪੇਂਟਿੰਗ ਬਣਾਉਂਦੀਆਂ ਹਨ।


Related News