ਈਰਾਨ ਪ੍ਰਮਾਣੂ ਕਰਾਰ ਖਤਮ ਕਰਨਾ ਜੋਖਿਮ ਭਰਿਆ : ਕੇਰੀ

10/20/2017 7:27:45 PM

ਜੇਨੇਵਾ (ਰਾਇਟਰ)— ਈਰਾਨ ਨਾਲ ਪ੍ਰਮਾਣੂ ਸਮਝੌਤੇ ਨੂੰ ਖਤਮ ਕਰਕੇ ਅਮਰੀਕਾ ਉਸ ਪ੍ਰਮਾਣੂ ਪ੍ਰਸਾਰ ਵੱਲ ਧੱਕ ਦੇਵੇਗਾ ਅਤੇ ਇਸ ਨਾਲ ਉੱਤਰੀ ਕੋਰੀਆ ਨਾਲ ਬਣੇ ਤਣਾਅ ਦੀ ਸਥਿਤੀ ਹੋਰ ਵੀ ਜ਼ਿਆਦਾ ਵਿਗੜ ਜਾਵੇਗੀ। ਇਹ ਗੱਲ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਾਨ ਕੇਰੀ ਨੇ ਵੀਰਵਾਰ ਰਾਤ ਨੂੰ ਇਕ ਪ੍ਰੋਗਰਾਮ ਦੌਰਾਨ ਕਹੀ। ਕੇਰੀ ਨੇ ਇਹ ਗੱਲ ਅਜਿਹੇ ਸਮੇਂ ਆਖੀ ਹੈ, ਜਦੋਂ ਉੱਤਰੀ ਕੋਰੀਆ ਦੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਕਾਰਨ ਵੱਧਦੇ ਤਣਾਅ ਦਰਮਿਆਨ ਪਿਛਲੇ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਸਾਬਿਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਈਰਾਨ ਇਸ ਸਮਝੌਤੇ ਦਾ ਪਾਲਨ ਕਰ ਰਿਹਾ ਹੈ। ਕੇਰੀ ਨੇ ਸਾਲ 2015 'ਚ ਈਰਾਨ ਅਤੇ ਸੰਸਾਰਕ ਸ਼ਕਤੀਆਂ ਦਰਮਿਆਨ ਪ੍ਰਮਾਣੂ ਸਮਝੌਤਾ ਕਰਵਾਉਣ 'ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ। ਕੇਰੀ ਨੇ ਜੇਨੇਵਾ ਗ੍ਰੈਜੂਏਸ਼ਨ ਸੰਸਥਾਨ 'ਚ ਬੋਲਦਿਆਂ ਕਿਹਾ ਕਿ ਜੇਕਰ ਅਮਰੀਕਾ ਜੰਗ ਟਾਲਣ ਲਈ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਅਤੇ ਇਸ ਦੇ ਰਾਜਨੀਤਕ ਹੱਲ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਹਾਲਤਾਂ 'ਚ ਸਭ ਤੋਂ ਖਰਾਬ ਗੱਲ ਇਹ ਹੋ ਸਕਦੀ ਹੈ ਕਿ ਤੁਸੀਂ ਪਹਿਲਾਂ ਸੰਯੁਕਤ ਰਾਸ਼ਟਰ 'ਚ ਉਸ ਨੂੰ ਬਰਬਾਦ ਕਰਨ ਦੀ ਧਮਕੀ ਦਿਓ। ਕੇਰੀ ਨੇ ਕਿਹਾ ਕਿ ਜੇਕਰ ਅਮਰੀਕਾ ਈਰਾਨ ਪ੍ਰਮਾਣੂ ਸੰਧੀ ਨੂੰ ਪ੍ਰਮਾਣਿਤ ਨਹੀਂ ਕਰਦਾ ਤਾਂ ਇਸ ਦਾ ਸੰਦੇਸ਼ ਇਹ ਜਾਵੇਗਾ ਕਿ ਅਮਰੀਕਾ ਨਾਲ ਸਮਝੌਤਾ ਕਰਨਾ ਬੇਕਾਰ ਹੈ ਕਿਉਂਕਿ ਅਮਰੀਕਾ ਆਪਣੇ ਸਮਝੌਤਿਆਂ 'ਤੇ ਹੀ ਕਾਇਮ ਨਹੀਂ ਰਹਿੰਦਾ।


Related News