ਸੁਧਾਰਾਂ ਦੀ ਮੰਗ ਕਰਨ ਵਾਲੇ ਈਰਾਨ ਦੇ ਨੇਤਾ ਕਰੋਬੀ ਨੇ ਭੁੱਖ ਹੜਤਾਲ ਕੀਤੀ ਖਤਮ

08/18/2017 2:42:38 PM

ਤੇਹਰਾਨ- ਪਿਛਲੇ 6 ਸਾਲ ਤੋਂ ਨਜ਼ਰਬੰਦ ਚਲ ਰਹੇ ਈਰਾਨ ਦੇ ਵਿਰੋਧੀ ਨੇਤਾ ਮਹਿੰਦੀ ਕਰੋਬੀ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਸਰਕਾਰ ਨੇ ਉਨ੍ਹਾਂ ਦੇ ਘਰੋਂ ਖੁਫੀਆ ਏਜੰਟਾਂ ਨੂੰ ਹਟਾਉਣ ਦੀ ਰਜ਼ਾਮੰਦੀ ਜਤਾਈ ਸੀ। ਫਿਲਹਾਲ, ਮੁਕੱਦਮਾ ਚਲਾਉਣ ਦੀ ਉਨ੍ਹਾਂ ਮੰਗ ਸਵੀਕਾਰ ਕੀਤੇ ਜਾਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਸਾਲ 2011 ਵਿਚ ਨਜ਼ਰਬੰਦੀ ਤੋਂ ਬਾਅਦ ਉਨ੍ਹਾਂ ਉੱਤੇ ਕੋਈ ਦੋਸ਼ ਨਹੀਂ ਲਗਾਇਆ ਗਿਆ। ਕਰੋਬੀ (79) ਨੇ ਬੁੱਧਵਾਰ ਸਵੇਰੇ ਖਾਣਾ-ਪੀਣਾ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪੁੱਤਰ ਮੁਹੰਮਦ ਹੁਸੈਨ ਨੇ ਸੁਧਾਰਵਾਦੀ ਜਮਾਰਾਨ ਵੈਬਸਾਈਟ ਨੂੰ ਦੱਸਿਆ ਕਿ ਕਰੋਬੀ ਨੇ ਕਲ ਸਿਹਤ ਮੰਤਰੀ ਗਾਜ਼ੀਜਾਦੇਹ ਹੇਸ਼ਮੀ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਤੋਂ ਮਿਲੇ ਵਾਅਦੇ ਉਨ੍ਹਾਂ ਨੂੰ ਭਰੋਸਾ ਕਰਨ ਲਾਇਕ ਲੱਗੇ। ਕਰੋਬੀ ਦੇ ਪਰਿਵਾਰ ਨਾਲ ਜੁੜੀ ਵੈਬਸਾਈਟ ਮੁਤਾਬਕ ਮੰਤਰੀ ਨੇ ਉਨ੍ਹਾਂ ਦੇ ਘਰੋਂ ਏਜੰਟਾਂ ਨੂੰ ਹਟਾਉਣ ਦਾ ਵਾਅਦਾ ਕੀਤਾ ਹੈ। ਕਰੋਬੀ ਅਤੇ ਉਨ੍ਹਾਂ ਦੇ ਸਹਿਯੋਗੀ ਨੇਤਾ ਮੀਰ ਹੁਸੈਨ ਮੋਸਾਵੀ 2009 ਵਿਚ ਹੋਈਆਂ ਵਿਵਾਦਤ ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰ ਸਨ, ਜਿਸ ਤੋਂ ਬਾਅਦ ਕਈ ਮਹੀਨਿਆਂ ਤਕ ਪ੍ਰਦਰਸ਼ਨ ਚਲੇ ਸਨ। ਇਸ ਤੋਂ ਬਾਅਦ 2011 ਵਿਚ ਦੋਹਾਂ ਨੇਤਾਵਾਂ ਨੂੰ ਪ੍ਰਦਰਸ਼ਨਾਂ ਵਿਚ ਉਨ੍ਹਾਂ ਦੀ ਭੂਮਿਕਾ ਲਈ ਨਜ਼ਰਬੰਦ ਕੀਤਾ ਗਿਆ ਸੀ। ਨੇਤਾ ਦੀ ਪਤਨੀ ਫਾਤਿਮਾ ਕਰੋਬੀ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਮੰਗ ਉਨ੍ਹਾਂ ਦੇ ਘਰੋਂ ਖੁਫੀਆ ਏਜੰਟਾਂ ਨੂੰ ਬਾਹਰ ਕਰਨਾ ਅਤੇ ਹਾਲ ਹੀ ਵਿਚ ਲਗਾਏ ਗਏ ਸੁਰੱਖਿਆ ਕੈਮਰਿਆਂ ਨੂੰ ਹਟਾਉਣਾ ਹੈ। ਉਨ੍ਹਾਂ ਕਿਹਾ ਕਿ 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਅਤੇ ਪਹਿਲਾਂ ਨਜ਼ਰਬੰਦੀ ਦੇ ਕਿਸੇ ਵੀ ਮਾਮਲੇ ਵਿਚ ਅਜਿਹੀ ਕੋਈ ਉਦਾਹਰਣ ਨਹੀਂ ਹੈ। ਉਨ੍ਹਾਂ ਕਿਹਾ ਕਿ ਦੂਜਾ ਲਗਾਤਾਰ ਨਜ਼ਰਬੰਦੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਲੋਕਾਂ ਦੀ ਸੁਣਵਾਈ ਦੀ ਵਿਵਸਥਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਰੋਬੀ ਨੂੰ ਨਿਰਪੱਖ ਸੁਣਵਾਈ ਦੀ ਉਮੀਦ ਨਹੀਂ ਹੈ ਪਰ ਉਹ ਚਾਹੁੰਦੇ ਹਨ ਕਿ ਇਹ ਜਨਤਕ ਤੌਰ ਉੱਤੇ ਹੋਵੇ ਅਤੇ ਉਹ ਫੈਸਲੇ ਦਾ ਸਨਮਾਨ ਕਰਣਗੇ। 


Related News