ਈਰਾਨ ਦੇ ਸਰਵ ਉੱਚ ਧਾਰਮਿਕ ਨੇਤਾ ਨੇ ਮੁਸਲਮਾਨਾਂ ਨੂੰ ਕਸ਼ਮੀਰੀਆਂ ਦਾ ਸਾਥ ਦੇਣ ਦੀ ਕੀਤੀ ਅਪੀਲ

06/27/2017 1:56:00 PM

ਤੇਹਰਾਨ— ਈਦ ਉਲ ਫਿਤਰ ਦੇ ਮੌਕੇ 'ਤੇ ਈਰਾਨ ਦੇ ਇਕ ਸਰਵ ਉੱਚ ਧਾਰਮਿਕ ਨੇਤਾ ਅਯਾਤੁਲਾਹ ਖਮੇਨੀ ਨੇ ਮੁਸਲਿਮਾਂ ਨੂੰ ਕਸ਼ਮੀਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਖਮੀਨੀ ਨੇ ਟਵੀਟ ਕਰ ਮੁਸਲਿਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੋਸ਼ਣ ਕਰਨ ਵਾਲਿਆਂ ਅਤੇ ਤਾਨਾਸ਼ਾਹਾਂ ਵਿਰੁੱਧ ਕਸ਼ਮੀਰੀਆਂ ਦਾ ਸਾਥ ਦੇਣ।
ਇਕ ਅੰਗਰੇਜੀ ਅਖਬਾਰ ਮੁਤਾਬਕ ਖਮੇਨੀ ਨੇ ਕਿਹਾ ਹੈ ਕਿ ਮੁਸਲਿਮ ਲੋਕਾਂ ਨੂੰ ਬਹਰੀਨ, ਯਮਨ ਅਤੇ ਕਸ਼ਮੀਰ ਦੋ ਲੋਕਾਂ ਦਾ ਖੁੱਲ੍ਹ ਕੇ ਸਮਰਥਨ ਕਰਨਾ ਚਾਹੀਦਾ ਹੈ। ਨਾਲ ਹੀ ਰਮਜਾਨ ਦੌਰਾਨ ਲੋਕਾਂ 'ਤੇ ਹਮਲਾ ਕਰਨ ਵਾਲੇ ਜ਼ਾਲਮ ਅਤੇ ਤਾਨਾਸ਼ਾਹ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਬਹਰੀਨ, ਯਮਨ ਅਤੇ ਦੂਜੇ ਮੁਸਲਿਮ ਦੇਸ਼ਾਂ ਦੇ ਆਲੇ-ਦੁਆਲੇ ਦੇ ਮੁੱਦਿਆਂ ਨੇ ਇਸਲਾਮੀ ਸਰੀਰ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।
ਆਪਣੇ ਇਸ ਬਿਆਨ ਦੁਆਰਾ ਖਮੇਨੀ ਨੇ ਸਾਉਦੀ ਅਰਬ ਅਤੇ ਸੁੰਨੀ ਅਰਬ ਜਗਤ ਨੂੰ ਸਾਂਝਾ ਦੁਸ਼ਮਣ ਦੱਸਦੇ ਹੋਏ ਗਲੋਬਲ ਮੁਸਲਿਸ ਭਾਈਚਾਰੇ ਨੂੰ ਇਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਦੇ ਨਾਲ ਹੀ ਖਮੇਨੀ ਨੇ ਸੋਮਵਾਰ ਨੂੰ ਫਿਲਸਤੀਨ ਮੁੱਦੇ ਨੂੰ ਇਸਲਾਮਿਕ ਜਗਤ ਦਾ ਖਾਸ ਮੁੱਦਾ ਦੱਸਦੇ ਹੋਏ ਇਜਰਾਇਲ ਨਾਲ ਲੜਨ ਦੀ ਅਪੀਲ ਕੀਤੀ।
ਖਮੇਨੀ ਮੁਤਾਬਕ,'' ਅੱਜ ਦੀ ਤਰੀਕ 'ਚ ਯਹੂਦੀ ਸ਼ਾਸਨ ਵਿਰੁੱਧ ਲੜਾਈ ਮੁਸਲਮਾਨਾਂ ਦਾ ਫਰਜ਼ ਅਤੇ ਜ਼ਰੂਰਤ ਬਣ ਗਿਆ ਹੈ। ਵੰਡ ਅਤੇ ਫੁੱਟ ਇਸਲਾਮ ਅਤੇ ਇਸਲਾਮਿਕ ਰਾਸ਼ਟਰ ਲਈ ਹਾਨੀਕਾਰਕ ਹੈ।''
ਉੱਧਰ ਸ਼ੁੱਕਰਵਾਰ ਨੁੰ ਲੋਕਾਂ ਨੇ ਇਜਰਾਇਲ ਵਿਰੋਧੀ ਅਤੇ ਅਮਰੀਕਾ ਵਿਰੋਧੀ ਨਾਰੇ ਲਗਾਏ ਅਤੇ ਹੱਥਾਂ 'ਚ ਬੈਨਰ ਫੜੇ ਸਨ ਜਿਨ੍ਹਾਂ 'ਚ ਇਜਰਾਇਲ ਦੁਆਰਾ ਫਿਲਸਤੀਨ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜਾ ਕਰਨ ਦੀ ਨਿੰਦਾ ਸੰਬੰਧੀ ਗੱਲਾਂ ਲਿਖੀਆਂ ਹੋਈਆਂ ਸਨ।


Related News