ਭਾਰਤੀ ਔਰਤ ਹੋਈ ਸਾਊਦੀ ਅਰਬ ''ਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ, ਭੈਣ ਨੇ ਕੀਤੀ ਸੁਸ਼ਮਾ ਸਵਾਰਜ ਨੂੰ ਮਦਦ ਦੀ ਅਪੀਲ

08/17/2017 8:47:14 PM

ਹੈਦਰਾਬਾਦ-ਸਾਊਦੀ ਅਰਬ ਦੀ ਰਾਜਧਾਨੀ ਰਿਆਦ 'ਚ ਭਾਰਤ ਦੇ ਹੈਦਰਾਬਾਦ ਵਾਸੀ ਇਕ ਔਰਤ ਹੁਮੇਰਾ ਦਾ ਉਸ ਦੇ ਮਾਲਕ ਵਲੋਂ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸਾਹਮਣੇ ਆਉਂਦੇ ਹੀ ਹੁਮੇਰਾ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਵਿਦੇਸ਼ 'ਚੋਂ ਕੱਢਣ ਲਈ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਅਪੀਲ ਕੀਤੀ ਹੈ। ਹੁਮੇਰਾ ਦੀ ਭੈਣ ਰੇਸ਼ਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਮੇਰਾ ਪਿਛਲੇ ਮਹੀਨੇ ਸਾਊਦੀ ਅਰਬ ਗਈ ਸੀ। ਉਸ ਵੇਲੇ ਤੋਂ ਹੀ ਉਸ 'ਤੇ ਜ਼ੁਲਮ ਢਾਹਿਆ ਜਾ ਰਿਹਾ ਹੈ। ਰੇਸ਼ਮਾ ਨੇ ਦੱਸਿਆ ਕਿ ਸਈਅਦ ਨਾਂ ਦੇ ਇਕ ਏਜੰਟ ਨੇ ਉਸ ਦੀ ਭੈਣ ਨੂੰ ਸਾਊਦੀ ਅਰਬ ਵਿਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ, ਪਰ ਕੁਝ ਸਮੇਂ ਬਾਅਦ ਹੁਮੇਰਾ ਦੇ ਮਾਲਕ ਨੇ ਉਸ 'ਤੇ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ। ਹੁਮੇਰਾ ਨੂੰ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ।
ਰੇਸ਼ਮਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਹੁਮੇਰਾ ਦਾ ਕਹਿਣਾ ਹੈ ਕਿ ਜੇਕਰ ਉਸਨੂੰ ਮਾਲਕ ਦੇ ਚੁੰਗਲ 'ਚੋਂ ਜਲਦ ਆਜ਼ਾਦ ਨਾ ਕਰਵਾਇਆ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਸਾਊਦੀ 'ਚ ਭਾਰਤੀ ਔਰਤਾਂ 'ਤੇ ਜ਼ੁਲਮ ਢਾਹੇ ਜਾਣ ਦਾ ਕੋਈ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸੁਸ਼ਮਾ ਸਵਰਾਜ ਦੇ ਯਤਨਾਂ ਤੋਂ ਬਾਅਦ ਹੀ ਜਲੰਧਰ ਦੀ ਰਹਿਣ ਵਾਲੀ ਸੁਖਵੰਤ ਕੌਰ 31 ਮਈ ਨੂੰ ਘਰ ਪਰਤੀ ਸੀ। ਉਸ ਨੂੰ ਕਿਸੇ ਟੂਰਿਸਟ ਅਪ੍ਰੇਟਰ ਨੇ ਦੁਬਈ 'ਚ ਵੇਚ ਦਿੱਤਾ ਸੀ।


Related News