ਭਾਰਤ ਦਾ ਨਾਂ ਰੌਸ਼ਨ ਕਰਨ ਗਈ ਭਾਰਤੀ ਵਿਦਿਆਰਥਣ ਦੀ ਆਸਟ੍ਰੇਲੀਆ 'ਚ ਹੋਈ ਦਰਦਨਾਕ ਮੌਤ

12/12/2017 10:00:04 AM

ਐਡੀਲੇਡ (ਏਜੰਸੀ)— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਭਾਰਤੀ ਵਿਦਿਆਰਥਣ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਵਿਦਿਆਰਥਣ ਦੀ ਪਛਾਣ ਨਿਤੀਸ਼ਾ ਨੇਗੀ ਦੇ ਤੌਰ 'ਤੇ ਹੋਈ ਹੈ, ਜੋ ਕਿ ਮਹਜ 15 ਸਾਲ ਦੀ ਸੀ। ਨਿਤੀਸ਼ਾ ਆਸਟ੍ਰੇਲੀਆ 'ਚ ਸਕੂਲ ਪੱਧਰ 'ਤੇ ਫੁੱਟਬਾਲ ਮੁਕਾਬਲੇ 'ਚ ਹਿੱਸਾ ਲੈਣ ਗਈ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਮੌਤ ਉਸ ਨੂੰ ਇੱਥੇ ਤੱਕ ਖਿੱਚ ਲੈ ਆਵੇਗੀ। ਦਰਅਸਲ ਨਿਤੀਸ਼ਾ ਅਤੇ ਉਸ ਦੀਆਂ 4 ਹੋਰ ਸਾਥੀ ਵਿਦਿਆਰਥਣਾਂ ਐਤਵਾਰ ਦੀ ਸ਼ਾਮ ਤਕਰੀਬਨ 6.00 ਵਜੇ ਐਡੀਲੇਡ ਦੇ ਗਲੈਨਲਗ ਬੀਚ 'ਤੇ ਗਈਆਂ ਸਨ। ਨਿਤੀਸ਼ਾ ਆਪਣੀਆਂ ਸਾਥੀ ਵਿਦਿਆਰਥਣਾਂ ਨਾਲ ਪਾਣੀ 'ਚ ਗਈ ਸੀ ਪਰ ਉਹ ਛੇਤੀ ਹੀ ਮੁਸੀਬਤ 'ਚ ਫਸ ਗਈਆਂ। 
ਇਸ ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਅਤੇ ਬਚਾਅ ਟੀਮ ਦੇ ਅਧਿਕਾਰੀਆਂ ਨੇ ਵਿਦਿਆਰਥਣਾਂ ਦੀ ਭਾਲ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਕੁਝ ਹੀ ਸਮੇਂ ਬਾਅਦ 17 ਸਾਲ ਦੀਆਂ 3 ਕੁੜੀਆਂ ਅਤੇ ਇਕ 12 ਸਾਲ ਦੀ ਕੁੜੀ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਚਾਰੋਂ ਕੁੜੀਆਂ 'ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੰਬੀ ਖੋਜ ਤੋਂ ਬਾਅਦ ਅਧਿਕਾਰੀਆਂ ਨੂੰ ਨਿਤੀਸ਼ਾ ਦੀ ਲਾਸ਼ ਸੋਮਵਾਰ ਦੀ ਸਵੇਰ ਨੂੰ ਮਿਲੀ।
ਓਧਰ ਭਾਰਤ ਵਿਚ ਨਿਤੀਸ਼ਾ ਦੀ ਹੋਈ ਅਚਾਨਕ ਮੌਤ 'ਤੇ ਭਾਰਤੀ ਭਾਈਚਾਰੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੇ ਸਮੇਂ ਅਸੀਂ ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਾਂ। ਨਿਤੀਸ਼ਾ ਦੀ ਟੀਮ ਦੇ ਮੈਂਬਰਾਂ ਨੇ ਵੀ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਇਹ ਖੇਡਾਂ ਖਤਮ ਹੋ ਗਈਆਂ ਸਨ, ਜਿਸ 'ਚ 15 ਦੇਸ਼ਾਂ ਦੇ ਪ੍ਰਾਇਮਰੀ ਅਤੇ ਸੀਨੀਅਰ ਸਕੂਲਾਂ ਦੇ ਲੱਗਭਗ 4,000 ਬੱਚਿਆਂ ਨੇ ਮੁਕਾਬਲੇ 'ਚ ਹਿੱਸਾ ਲਿਆ ਸੀ।  


Related News