ਇਟਲੀ ''ਚ ਭਾਰਤੀ ਵਿਅਕਤੀ ਨੇ ਲੜਕੀ ਨਾਲ ਕੀਤੀ ਜਬਰ ਜਨਾਹ ਦੀ ਕੋਸ਼ਿਸ਼, ਗ੍ਰਿਫਤਾਰ

08/12/2017 6:46:21 AM

ਰੋਮ ਇਟਲੀ (ਕੈਂਥ)— ਇਟਲੀ ਦਾ ਮਿੰਨੀ ਪੰਜਾਬ ਸੂਬਾ ਲਾਸੀਓ ਹਮੇਸ਼ਾਂ ਹੀ ਚੰਗੀਆਂ ਘੱਟ ਅਤੇ ਮਾੜੀਆਂ ਵਧ ਸਰਗਰਮੀਆਂ ਲਈ ਇਟਾਲੀਅਨ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆਂ ਰਹਿੰਦਾ ਹੈ। ਇਸ ਸੂਬੇ ਵਿੱਚ ਜਿੱਥੇ ਭਾਰਤੀ ਨੌਜਵਾਨ ਦਿਨੋ-ਦਿਨ ਨਸ਼ਿਆਂ ਦੀ ਮਹਾਂ ਦਲਦਲ ਵਿੱਚ ਧੱਸਦੇ ਜਾ ਰਹੇ ਹਨ ਉੱਥੇ ਹੀ ਇਨ੍ਹਾਂ ਨਸ਼ੇੜੀਆਂ ਵੱਲੋਂ ਆਏ ਦਿਨ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਪੂਰਾ ਭਾਰਤੀ ਭਾਈਚਾਰਾ ਸ਼ਰਮਸਾਰ ਹੁੰਦਾ ਹੈ। ਅਜਿਹੀ ਹੀ ਇਕ ਘਟਨਾ ਲਾਤੀਨਾ ਜ਼ਿਲ੍ਹੇ ਦੇ ਸ਼ਹਿਰ ਸਨ ਫਲੀਚੇ 'ਚ ਉਥੋਂ ਵਾਪਰੀ ਜਦੋਂ ਰਾਤ ਦੇ ਸਮੇਂ ਆਪਣੀ ਇਕ ਦੋਸਤ ਨਾਲ ਸੈਰ ਕਰ ਰਹੀ ਇਕ 18 ਸਾਲਾ ਲੜਕੀ ਨੂੰ ਇਕ ਭਾਰਤੀ ਵਿਅਕਤੀ ਨੇ ਰੋਕਿਆ। ਭਾਰਤੀ ਵਿਅਕਤੀ ਨੇ ਲੜਕੀ ਦੇ ਨਿੱਜੀ ਅੰਗਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਸ ਲੜਕੀ ਨੂੰ ਘਸੀਟ ਕੇ ਸਮੁੰਦਰ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਸਖਤੀ ਨਾਲ ਇਸਦਾ ਵਿਰੋਧ ਕੀਤਾ ਅਤੇ ਪੂਰੀ ਤਾਕਤ ਨਾਲ ਆਪਣੇ ਆਪ ਨੂੰ ਦੋਸ਼ੀ ਵਿਅਕਤੀ ਦੀ ਪਕੜ ਵਿਚੋਂ ਛੁਡਾ ਲਿਆ ਅਤੇ ਭੱਜਣ ਵਿਚ ਕਾਮਯਾਬ ਰਹੀ।
ਆਪਣੇ ਆਪ ਨੂੰ ਛੁਡਾਉਣ ਤੋਂ ਬਾਅਦ ਲੜਕੀ ਨੇ ਪੁਲਸ ਨੂੰ ਇਸਦੀ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਇਲਾਕੇ ਵਿਚ 28 ਸਾਲਾ ਦੋਸ਼ੀ ਨੂੰ ਕਾਬੂ ਕਰ ਲਿਆ। ਇਹ ਹਾਦਸਾ ਵੀਰਵਾਰ ਦੀ ਰਾਤ 2:30 ਵਜੇ ਦੇ ਕਰੀਬ ਵਾਪਰਿਆ। ਪੁਲਸ ਵੱਲੋਂ ਕਾਬੂ ਕੀਤਾ ਗਿਆ ਸਨ ਫੇਲੀਚੇ ਚੇਰਚੇਓ ਦਾ ਰਹਿਣ ਵਾਲਾ ਉਪਰੋਕਤ ਭਾਰਤੀ ਵਿਅਕਤੀ ਪਹਿਲਾਂ ਵੀ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ।
ਸਥਾਨਕ ਪੁਲਸ ਨੇ ਇਸ ਦੋਸ਼ੀ ਭਾਰਤੀ ਨੂੰ ਜਬਰ ਜਨਾਹ ਦੇ ਇਰਾਦੇ ਨਾਲ ਨੌਜਵਾਨ ਲੜਕੀ ਦੇ ਨਿੱਜੀ ਅੰਗਾਂ ਨਾਲ ਜਬਰਦਸਤੀ ਛੇੜਛਾੜ, ਸਰੀਰਕ ਹਿੰਸਾ ਜਿਹੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਫਿਲਹਾਲ ਉਪਰੋਕਤ ਭਾਰਤੀ ਲਾਤੀਨਾ ਦੀ ਜੇਲ ਵਿੱਚ ਹੈ। ਜਿਸ ਸਬੰਧੀ ਅਗਲੀ ਕਾਰਵਾਈ ਅਦਾਲਤ ਦੇ ਫੈਸਲੇ ਤੋਂ ਬਾਅਦ ਕੀਤੀ ਜਾਵੇਗੀ।


Related News