ਭਾਰਤੀ ਪਰਿਵਾਰ ਨੂੰ ਮਹਿੰਗਾ ਪਿਆ ਸੂਰ ਦਾ ਮੀਟ ਖਾਣਾ, ਭਰਨਾ ਪਵੇਗਾ ਹਸਪਤਾਲ ਦਾ ਵੱਡਾ ਬਿੱਲ

12/12/2017 12:49:24 PM

ਆਕਲੈਂਡ (ਏਜੰਸੀ)— ਬੀਤੇ ਨਵੰਬਰ ਮਹੀਨੇ ਨਿਊਜ਼ੀਲੈਂਡ 'ਚ ਰਹਿੰਦੇ ਭਾਰਤੀ ਪਰਿਵਾਰ ਜੰਗਲੀ ਸੂਰ ਦਾ ਮੀਟ ਖਾਣ ਕਰ ਕੇ ਕੋਮਾ 'ਚ ਚਲਾ ਗਿਆ ਸੀ। ਪਰਿਵਾਰ ਦਾ ਨਿਊਜ਼ੀਲੈਂਡ ਦੇ ਆਕਲੈਂਡ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਪਰਿਵਾਰ ਹੋਸ਼ 'ਚ ਤਾਂ ਆ ਗਿਆ ਹੈ ਪਰ ਉਨ੍ਹਾਂ ਨੂੰ ਠੀਕ ਹੋਣ 'ਚ ਸਮਾਂ ਲੱਗੇਗਾ। ਉਨ੍ਹਾਂ ਨੂੰ ਵੱਡੇ ਮੈਡੀਕਲ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ, ਕਿਉਂਕਿ ਮੁਆਵਜ਼ਾ ਕਮਿਸ਼ਨ ਨੇ ਬਿੱਲ ਦੇ ਭੁਗਤਾਨ ਲਈ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। 
ਦੱਸਣਯੋਗ ਹੈ ਕਿ ਭਾਰਤੀ ਮੂਲ ਦੇ ਸ਼ਿਬੂ ਕੋਚੁਮਮੇਨ (35), ਉਨ੍ਹਾਂ ਦੀ ਪਤਨੀ ਸੂਬੀ ਬਾਬੂ (32) ਅਤੇ ਮਾਂ ਅਲੇਕੁੱਟੀ ਡੇਨੀਅਲ (62) ਨੇ ਜੰਗਲੀ ਸੂਰ ਦਾ ਸ਼ਿਕਾਰ ਕਰ ਕੇ ਮੀਟ ਖਾਧਾ ਸੀ। ਮੀਟ ਖਾਣ ਤੋਂ ਬਾਅਦ ਉਹ ਬੀਮਾਰ ਹੋ ਗਏ ਅਤੇ ਕੋਮਾ 'ਚ ਚਲੇ ਗਏ ਸਨ। ਸ਼ਿਬੂ ਅਤੇ ਉਨ੍ਹਾਂ ਦੀ ਪਤਨੀ ਸੂਬੀ ਪੱਕੇ ਤੌਰ 'ਤੇ ਨਿਊਜ਼ੀਲੈਂਡ 'ਚ ਰਹਿੰਦੇ ਹਨ, ਜਦਕਿ ਮਾਂ ਡੇਨੀਅਲ ਜੋ ਕਿ ਘੁੰਮਣ ਲਈ ਆਈ ਹੈ। ਬੀਤੀ 10 ਨਵੰਬਰ ਨੂੰ ਸੂਰ ਮੀਟ ਖਾਣ ਤੋਂ ਬਾਅਦ ਸ਼ਿਬੂ ਨੂੰ ਲੱਗਾ ਕਿ ਉਹ ਬੇਹੋਸ਼ ਹੋ ਰਿਹਾ ਹੈ ਅਤੇ ਉਸ ਨੇ ਤੁਰੰਤ ਐਮਰਜੈਂਸੀ ਅਧਿਕਾਰੀਆਂ ਨੂੰ ਫੋਨ ਕਰ ਕੇ ਸੂਚਿਤ ਕੀਤਾ। ਇਕ ਮਹੀਨਾ ਹੋ ਗਿਆ ਹੈ, ਸ਼ਿਬੂ ਅਤੇ ਉਸ ਦੀ ਮਾਂ ਡੇਨੀਅਲ ਨੇ ਤੁਰਨਾ-ਫਿਰਨਾ ਸ਼ੁਰੂ ਕਰ ਦਿੱਤਾ ਹੈ ਪਰ ਸ਼ਿਬੂ ਦੀ ਪਤਨੀ ਸੂਬੀ ਬਾਬੂ ਹੌਲੀ-ਹੌਲੀ ਠੀਕ ਹੋ ਰਹੀ ਹੈ। ਦੋਵੇਂ ਪਤੀ-ਪਤਨੀ ਆਪਣੀ ਯਾਦਦਾਸ਼ਤ ਵਾਪਸ ਲਿਆਉਣ ਲਈ ਸੰਘਰਸ਼ ਕਰ ਰਹੇ ਹਨ। ਲੋਕਾਂ ਵਲੋਂ ਪਰਿਵਾਰ ਨੂੰ ਮਦਦ ਮਿਲ ਰਹੀ ਹੈ।
ਸ਼ਿਬੂ ਦੇ ਪਰਿਵਾਰਕ ਦੋਸਤ ਨੇ ਕਿਹਾ ਕਿ ਇਸ ਘਟਨਾ ਬਾਰੇ ਮੁਆਵਜ਼ਾ ਕਮਿਸ਼ਨ ਨੂੰ ਸੂਚਿਤ ਕੀਤਾ ਗਿਆ ਸੀ। ਕਮਿਸ਼ਨ ਨੇ ਕਿਹਾ ਕਿ ਉਹ ਮੁਆਵਜ਼ੇ ਦੇ ਯੋਗ ਨਹੀਂ ਹਨ, ਕਿਉਂਕਿ ਜੰਗਲੀ ਸੂਰ ਦਾ ਸ਼ਿਕਾਰ ਕਰ ਕੇ ਉਸ ਦਾ ਮੀਟ ਖਾਣਾ ਵੱਡੀ ਗਲਤੀ ਸੀ। ਓਧਰ ਹਸਪਤਾਲ ਦੇ ਸਿਹਤ ਅਧਿਕਾਰੀਆਂ ਨੇ ਟੈਸਟ ਲਈ ਆਸਟ੍ਰੇਲੀਆ 'ਚ ਸੈਪਲ ਭੇਜੇ। ਅਧਿਕਾਰੀ ਇਸ ਗੱਲ ਦਾ ਪਤਾ ਲਾਉਣਾ ਚਾਹੁੰਦੇ ਹਨ ਕਿ ਪਰਿਵਾਰ ਇਸ ਲਈ ਬੀਮਾਰ ਹੋ ਗਿਆ ਕਿ ਸੂਰ ਦਾ ਮੀਟ ਜ਼ਹਿਰੀਲਾ ਸੀ।


Related News