ਭਾਰਤੀ ਅੰਬੈਂਸੀ ਰੋਮ ਹਮੇਸ਼ਾ ਭਾਰਤੀਆਂ ਦੇ ਨਾਲ, ਪ੍ਰੇਸ਼ਾਨ ਲੋਕ ਬੇਝਿਜਕ ਅੰਬੈਂਸੀ ਨੂੰ ਦੱਸਣ : ਮੈਡਮ ਸਰੁੱਚੀ ਸ਼ਰਮਾ

12/11/2017 1:02:01 PM

ਰੋਮ, (ਕੈਂਥ)—  ਭਾਰਤੀ ਅੰਬੈਂਸੀ ਰੋਮ ਵੱਲੋਂ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਵਿਖੇ ਛੁੱਟੀ ਵਾਲੇ ਦਿਨ ਵਿਸ਼ੇਸ਼ ਤੌਰ 'ਤੇ ਪਾਸਪੋਰਟ ਕੈਂਪ ਲਗਾਉਣ ਦਾ ਮਕਸਦ ਇਟਲੀ ਦੇ ਉਨ੍ਹਾਂ ਭਾਰਤੀਆਂ ਨੂੰ ਅੰਬੈਂਸੀ ਨਾਲ ਸੰਬੰਧਤ ਸੇਵਾਵਾਂ ਨੂੰ ਮੁੱਹਈਆ ਕਰਵਾਉਣਾ ਹੈ, ਜਿਨ੍ਹਾਂ ਨੂੰ ਭਾਰਤੀ ਅੰਬੈਂਸੀ ਨਾਲ ਸੰਬੰਧਤ ਪੇਪਰਾਂ ਸੰਬੰਧੀ ਕੰਮ ਲਈ ਆਪਣੇ ਕੰਮ ਤੋਂ ਉਚੇਚਾ ਛੁੱਟੀ ਕਰਕੇ ਰੋਮ ਜਾਣਾ ਪੈਂਦਾ ਹੈ ਜਦੋਂ ਕਿ ਉਨ੍ਹਾਂ ਨੂੰ ਕੰਮ ਤੋਂ ਮੁਸ਼ਕਿਲ ਨਾਲ ਛੁੱਟੀ ਮਿਲਦੀ ਹੈ।ਇਸ ਕੈਂਪ ਲਈ ਇਟਲੀ ਦੇ ਭਾਰਤੀਆਂ ਦੀਆਂ ਭਾਰਤੀ ਅੰਬੈਂਸੀ ਰੋਮ ਨੂੰ ਕਾਫ਼ੀ ਗੁਜ਼ਾਰਿਸ਼ਾਂ ਆਈਆਂ ਸਨ। ਇਸ ਗੱਲ ਦਾ ਪ੍ਰਗਟਾਵਾ ਮੈਡਮ ਸਰੁਚੀ ਸ਼ਰਮਾ ਫਸਟ ਸੈਕਟਰੀ ਭਾਰਤੀ ਅੰਬੈਂਸੀ ਰੋਮ ਨੇ ਇਟਲੀ ਦੇ ਮਸ਼ਹੂਰ ਇਲਾਕੇ ਬੋਰਗੋ ਹਰਮਾਦਾ(ਲਾਤੀਨਾ) ਦੇ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਵਿਖੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਅੰਬੈਂਸੀ ਰੋਮ ਦੇ ਸਹਿਯੋਗ ਸਦਕਾ ਮੰਦਰ ਵਿੱਚ ਲਗਾਏ ਪਹਿਲੇ ਪਾਸਪੋਰਟ ਕੈਂਪ ਮੌਕੇ ਹਾਜ਼ਰ ਭਾਰਤੀਆਂ ਨਾਲ ਕੀਤਾ।

PunjabKesari
ਮੈਡਮ ਸਰੁੱਚੀ ਸ਼ਰਮਾ ਨੇ ਕਿਹਾ ਕਿ ਇਲਾਕੇ ਵਿੱਚ ਭਾਰਤੀ ਲੋਕਾਂ ਦਾ ਮਿਹਨਤੀ ਅਤੇ ਇਮਾਨਦਾਰ ਲੋਕਾਂ ਵਜੋਂ ਨਾਮ ਹੈ ਪਰ ਕੁਝ-ਕੁਝ ਭਾਰਤੀ ਬੱਚਿਆਂ ਦੀ ਅਪਰਾਧਿਕ ਕੇਸਾਂ ਵਿੱਚ ਸਮੂਲੀਅਤ ਚਿੰਤਾ ਦਾ ਵਿਸ਼ਾ ਹੈ ।ਇਟਲੀ ਦੇ ਭਾਰਤੀ ਆਪਣੇ ਬੱਚਿਆਂ ਅਤੇ ਹੋਰ ਸਾਕ-ਸੰਬੰਧੀਆਂ ਨੂੰ ਗੈਰ-ਕਾਨੂੰਨੀ ਕੰਮਾਂ ਵਿੱਚ ਫਸਣ ਤੋਂ ਰੋਕਣ ਕਿਉਂਕਿ ਸਾਰੇ ਇੱਥੇ ਪ੍ਰਦੇਸ਼ ਵਿੱਚ ਕੰਮ ਕਰਨ ਆਏ ਹਨ। ਇਟਾਲੀਅਨ ਲੋਕ ਭਾਰਤੀ ਲੋਕਾਂ ਨੂੰ ਹੋਰ ਦੇਸ਼ਾਂ ਦੇ ਲੋਕਾਂ ਨਾਲੋਂ ਵੱਧ ਚੰਗਾ ਸਮਝਦੇ ਹਨ। ਇਟਾਲੀਅਨ ਲੋਕ ਜਾਣਦੇ ਹਨ ਕਿ ਭਾਰਤੀ ਲੋਕ ਮਿਹਨਤੀ ਲੋਕ ਹਨ ਜਿਹੜੇ ਕਿ ਗਲਤ ਕੰਮ ਨਹੀਂ ਸਗੋਂ ਮਿਹਨਤ ਕਰਨ ਵਿੱਚ ਯਕੀਨ ਰੱਖਦੇ ਹਨ। ਇਟਲੀ ਦੇ ਭਾਰਤੀਆਂ ਦੀ ਜਿਹੜੀ ਇੱਜ਼ਤ ਇਟਾਲੀਅਨ ਭਾਈਚਾਰੇ ਵਿੱਚ ਹੈ, ਉਸ ਨੂੰ ਬਣਾਕੇ ਰੱਖਣਾ ਭਾਰਤੀ ਭਾਈਚਾਰੇ ਦੇ ਹੱਥ ਵਿੱਚ ਹੈ। ਜੇਕਰ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ਼ ਜਾਂ ਕੋਈ ਸਮੱਸਿਆ ਹੈ ਤਾਂ ਉਹ ਆਪਣੇ ਇਲਾਕੇ ਦੇ ਭਾਰਤੀ ਆਗੂਆਂ ਨੂੰ ਦੱਸਣ ਜਾਂ ਭਾਰਤੀ ਅੰਬੈਂਸੀ ਰੋਮ ਕਹਿਣ,ਭਾਰਤੀ ਅੰਬੈਂਸੀ ਰੋਮ ਹਮੇਸਾਂ ਇਟਲੀ ਦੇ ਭਾਰਤੀਆਂ ਦੀ ਸੇਵਾ ਵਿੱਚ ਹੈ ,ਕੋਈ ਵੀ ਭਾਰਤੀ ਬੇਝਿੱਜ਼ਕ ਆਪਣੀ ਮੁਸ਼ਕਿਲ ਦਸੇ।ਅੰਬੈਂਸੀ ਇਟਲੀ ਦੇ ਭਾਰਤੀਆਂ ਦੀ 24 ਘੰਟੇ ਸੇਵਾ ਵਿੱਚ ਹੈ ।

PunjabKesariਜੇਕਰ ਕੋਈ ਵੀ ਮੁਸੀਬਤ ਸਮੇਂ ਅੰਬੈਂਸੀ ਦੇ ਐਮਰਜੰਸੀ ਨੰਬਰ 'ਤੇ ਫੋਨ ਕਰਦਾ ਹੈ, ਚਾਹੇ ਰਾਤ ਦੇ 2 ਵਜੇ ਹੋਣ ਤਾਂ ਉਸ ਨੂੰ ਸੁਣਿਆ ਜਾਵੇਗਾ । ਮੈਡਮ ਸ਼ਰਮਾ ਨੇ ਇਟਲੀ ਦੇ ਭਾਰਤੀਆਂ ਨੂੰ ਆਪਸੀ ਪਿਆਰ ਬਣਾਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸਦਾ ਹੀ ਭਾਰਤ ਦੇਸ਼ ਦਾ ਮਾਣ-ਸਨਮਾਨ ਇਟਲੀ ਵਿੱਚ ਬਣਾਕੇ ਰੱਖੋ।ਇਸ ਪਾਸਪੋਰਟ ਕੈਂਪ ਵਿੱਚ ਸੈਂਕੜੇ ਭਾਰਤੀ ਲੋਕਾਂ ਨੇ ਕੈਂਪ ਦਾ ਭਰਪੂਰ ਲਾਭ ਲਿਆ ।ਕੈਂਪ ਵਿੱਚ ਪਾਸਪੋਰਟ ਰਨਿਊ ,ਨਾਂ ਬਦਲੀ,ਜਨਮ ਸਰਟੀਫਿਕੇਟ ਅਤੇ ਹਲਫੀਥਆ ਬਿਆਨ ਆਦਿ ਦੀਆਂ ਐਪਲੀਕੇਸ਼ਨਾਂ ਦਿੱਤੀਆਂ ਗਈਆਂ।ਇਸ ਮੌਕੇ ਇਟਾਲੀਅਨ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਭਾਈਚਾਰੇ ਦੀਆਂ ਕਈ ਨਾਮੀ ਸਖ਼ਸੀਅਤਾਂ ਵੀ ਹਾਜ਼ਰ ਸਨ ਜਿਨ੍ਹਾਂ ਨੂੰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਵੱੋਲੋਂ ਵਿਸ਼ੇਸ਼ਤੌਰ ਤੇ ਸਨਮਾਨਤ ਵੀ ਕੀਤਾ ਗਿਆ। ਇਸ ਪਾਸਪੋਰਟ ਨੂੰ ਸਫ਼ਲਤਾਪੂਰਵਕ ਨੇਪੜੇ ਚਾੜਨ ਲਈ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ਼ ਅਤੇ ਭਾਰਤੀ ਭਾਈਚਾਰੇ ਦਾ ਤਹਿ-ਦਿਲੋ ਧੰਨਵਾਦ ਕੀਤਾ।


Related News