ਬ੍ਰਿਟੇਨ ''ਚ ਮੁਸਲਿਮ ਮਹਿਲਾ ਨੂੰ ''ਕਾਲੇ ਰੰਗ'' ਦਾ ਹਿਜਾਬ ਉਤਾਰਨ ਲਈ ਕੀਤਾ ਗਿਆ ਮਜਬੂਰ, ਜਾਣੋ ਪੂਰੀ ਘਟਨਾ

06/25/2017 2:53:49 PM

ਲੰਡਨ— ਬ੍ਰਿਟੇਨ 'ਚ ਇਕ ਮੁਸਲਿਮ ਮਹਿਲਾ ਨੇ ਆਪਣੇ ਮਾਲਕਾਂ ਵਿਰੁੱਧ ਧਾਰਮਿਕ ਭੇਦਭਾਵ ਦੀ ਸ਼ਿਕਾਇਤ ਦਰਜ ਕਰਵਾਈ ਹੈ, ਕਿਉਂਕਿ ਉਨ੍ਹਾਂ ਨੇ ਉਸ ਨੂੰ ਅੱਤਵਾਦੀ ਵਾਂਗ ਦਿੱਸਣ ਵਾਲਾ ਕਾਲਾ ਹਿਜਾਬ ਹਟਾਉਣ ਦਾ ਹੁਕਮ ਦਿੱਤਾ ਸੀ। ਮਾਮਲੇ ਅਨੁਸਾਰ ਮਹਿਲਾ ਗ੍ਰੇਟਰ ਮੈਨਚੇਸਟਰ ਦੇ ਬਰੀ 'ਚ ਇਕ ਕੰਪਨੀ 'ਚ ਇਕ ਸਾਲ ਤੋਂ ਕੰਮ ਕਰ ਰਹੀ ਸੀ। ਉੱਥੋਂ ਦੇ ਮੈਨੇਜਰ ਨੂੰ ਉਸ ਦੇ ਹਿਜਾਬ ਤੋਂ ਪਰੇਸ਼ਾਨੀ ਹੋਣ ਲੱਗੀ ਸੀ। ਇਕ ਰਿਪੋਰਟ ਮੁਤਾਬਕ ਦਰਜ ਕਰਵਾਈ ਗਈ ਸ਼ਿਕਾਇਤ 'ਚ ਕਿਹਾ ਗਿਆ ਕਿ ਮਹਿਲਾ ਨੂੰ ਕਿਹਾ ਗਿਆ ਕਿ ਉਸ ਲਈ ਚੰਗਾ ਹੋਵੇਗਾ ਕਿ ਆਪਣੇ ਹਿਜਾਬ ਦਾ ਰੰਗ ਬਦਲ ਲਵੇ, ਕਿਉਂਕਿ ਕਾਲੇ ਰੰਗ ਦਾ ਲਿਬਾਸ ਅੱਤਵਾਦ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ।
ਰਿਪੋਰਟ ਵਿਚ ਮਹਿਲਾ ਦੇ ਹਵਾਲੇ ਤੋਂ ਕਿਹਾ ਗਿਆ ਕਿ ਕੰਪਨੀ 'ਚ ਸ਼ਾਮਲ ਹੋਣ ਤੋਂ ਪਹਿਲੇ ਹੀ ਦਿਨ ਤੋਂ ਉਹ ਕਾਲਾ ਸਕਾਫ ਪਾ ਰਹੀ ਸੀ ਅਤੇ ਜੋ ਕਾਰਨ ਉਸ ਨੂੰ ਦੱਸੇ ਗਏ ਸਨ, ਉਸ ਦੇ ਆਧਾਰ 'ਤੇ ਉਹ ਹਿਜਾਬ ਦਾ ਰੰਗ ਬਦਲਣ ਲਈ ਤਿਆਰ ਨਹੀਂ ਸੀ। ਉਸ ਨੇ ਕਿਹਾ ਕਿ ਉਸ ਨੇ ਆਪਣੇ ਮਾਲਕਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਸ਼ ਲਾਇਆ ਕਿ ਉਸ ਦਾ ਮੈਨੇਜਰ ਅਗਲੇ ਦਿਨ ਉਸ ਲਈ ਰੰਗ-ਬਿਰੰਗੇ ਹਿਜਾਬ ਲੈ ਆਇਆ। ਮਹਿਲਾ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਪਰੇਸ਼ਾਨ ਹੋ ਕੇ ਉਸ ਨੇ ਅਸਤੀਫਾ ਦੇ ਦਿੱਤਾ। ਉਸ ਨੂੰ ਲੱਗਾ ਕਿ ਕੰਪਨੀ ਨੇ ਧਰਮ ਅਤੇ ਲਿੰਗ ਦੇ ਆਧਾਰ 'ਤੇ ਉਸ ਨਾਲ ਭੇਦਭਾਵ ਕੀਤਾ ਹੈ। ਰਿਪੋਰਟ ਮੁਬਾਕ ਮਾਮਲੇ ਦੀ ਸੁਣਵਾਈ 20 ਜੁਲਾਈ ਨੂੰ ਹੋਵੇਗੀ ਅਤੇ ਕੰਪਨੀ ਨੂੰ ਮਹਿਲਾ ਨੂੰ ਮੁਆਵਜ਼ਾ ਦੇਣਾ ਪੈ ਸਕਦਾ ਹੈ।


Related News