ਟਵਿੱਟਰ ''ਤੇ ਆਪਸ ''ਚ ਉਲਝੇ ਇਮਰਾਨ ਖਾਨ ਅਤੇ ਨਵਾਜ਼ ਦੀ ਬੇਟੀ ਮਰੀਅਮ

08/12/2017 6:56:52 PM

ਇਸਲਾਮਾਬਾਦ—  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਸ਼ਰੀਫ ਇਨ੍ਹਾਂ ਦਿਨੀਂ ਸੁਰਖੀਆਂ 'ਚ ਹੈ। ਮਰੀਅਮ ਪਾਕਿਸਤਾਨੀ ਦੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਨਾਲ ਟਵਿੱਟਰ 'ਤੇ ਉਲਝ ਗਈ। ਉਨ੍ਹਾਂ ਨੇ ਇਮਰਾਨ ਖਾਨ ਨੂੰ ਫੌਜ ਦੀ 'ਕਠਪੁਤਲੀ' ਤੱਕ ਕਹਿ ਦਿੱਤਾ। ਪਾਕਿਸਤਾਨ ਦੀਆਂ ਦੋ ਸਿਆਸੀ ਸ਼ਖਸੀਅਤਾਂ ਵਿਚਾਲੇ ਇਹ ਟਵਿੱਟਰ ਵਾਰ ਉਸ ਸਮੇਂ ਸ਼ੁਰੂ ਹੋਇਆ, ਜਦੋਂ ਇਮਰਾਨ ਖਾਨ ਨੇ ਪਾਕਿਸਤਾਨੀ ਮੁਸਲਿਮ ਲੀਗ-ਨਵਾਜ਼ ਦੀਆਂ ਰੈਲੀਆਂ ਬਾਰੇ ਟਵੀਟ ਕੀਤਾ। 
ਇਮਰਾਨ ਨੇ ਸਾਬਕਾ ਪੀ. ਐੱਮ. ਨਵਾਜ਼ ਸ਼ਰੀਫ ਦੀ ਰੈਲੀ ਨੂੰ 'ਭ੍ਰਿਸ਼ਟਾਚਾਰ ਬਚਾਓ ਰੈਲੀ' ਕਰਾਰ ਦਿੱਤਾ ਅਤੇ ਕਿਹਾ ਕਿ ਇਸ ਰੈਲੀ ਤੋਂ ਲਗਾਤਾਰ ਲੋਕ ਗਾਇਬ ਹੁੰਦੇ ਜਾ ਰਹੇ ਹਨ। ਇਮਰਾਨ ਨੇ ਟਵੀਟ ਕੀਤਾ ਕਿ 'ਪਟਵਾਰੀਆਂ ਅਤੇ ਕਿਰਾਏ ਦੀ ਭੀੜ' ਨਾਲ ਕੀਤੀ ਗਈ ਰੈਲੀ ਕਿਸੇ ਨੂੰ ਨੇਤਾ ਨਹੀਂ ਬਣਾ ਦਿੰਦੀ। ਇਸ ਰੈਲੀ 'ਚ ਨਵਾਜ਼ ਬੁਲਟ ਪਰੂਫ ਕਾਰ ਤੋਂ ਜਨਤਾ ਨੂੰ ਸੰਬੋਧਨ ਕਰ ਰਹੇ ਸਨ। ਇਮਰਾਨ ਨੇ ਇਸ 'ਤੇ ਵੀ ਤੰਜ਼ ਕੱਸਿਆ ਅਤੇ ਲਿਖਿਆ, ''ਬੁਲੇਟ ਪਰੂਫ ਕਾਰ ਤੋਂ ਬੋਲਣ ਨਾਲ ਉਸ ਭੀੜ 'ਚ ਭਰੋਸਾ ਪੈਦਾ ਨਹੀਂ ਹੁੰਦਾ, ਜੋ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਜੇਕਰ ਤੁਹਾਨੂੰ ਮੌਤ ਤੋਂ ਇੰਨਾ ਹੀ ਡਰ ਲੱਗਦਾ ਹੈ ਤਾਂ ਤੁਹਾਨੂੰ ਇਹ ਰੈਲੀ ਕਰਨੀ ਹੀ ਨਹੀਂ ਚਾਹੀਦੀ ਸੀ। 
ਫਿਰ ਕੀ ਸੀ ਸ਼ਰੀਫ ਦੀ ਬੇਟੀ ਨੇ ਵੀ ਇਸ ਦਾ ਜਵਾਬ ਦਿੱਤਾ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਤੁਸੀਂ ਪੂਰੀ ਤਰ੍ਹਾਂ ਹਾਰ ਚੁੱਕੇ ਹੋ ਅਤੇ ਇਸ ਹਾਰ ਨਾਲ ਤੁਹਾਡੇ ਦਿਲ 'ਚ ਪੈਦਾ ਹੋਏ ਤੂਫਾਨ ਨੂੰ ਸਮਝਿਆ ਜਾ ਸਕਦਾ ਹੈ।


Related News