ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਰਚਿਆ ਇਤਿਹਾਸ!

05/30/2017 12:07:45 PM

ਸਰੀ— ਬ੍ਰਿਟਿਸ਼ ਕੋਲੰਬੀਆ 'ਚ 9 ਮਈ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਅਤੇ ਹੁਣ ਗ੍ਰੀਨ ਪਾਰਟੀ ਦੀ ਮਦਦ ਨਾਲ ਐਨ.ਡੀ.ਪੀ. ਦੀ ਸਰਕਾਰ ਬਣਾ ਰਹੀ ਹੈ। ਐਨ.ਡੀ.ਪੀ. ਆਗੂ ਜੌਹਨ ਹੌਰਗਨ ਤੇ ਗ੍ਰੀਨ ਪਾਰਟੀ ਦੇ ਐਂਡਰਿਊ ਵੀਵਰ ਨੇ ਇਸ ਸੰਬੰਧ ਵਿੱਚ ਐਲਾਨ ਕਰਦਿਆਂ ਕਿਹਾ ਕਿ ਅਗਲੇ ਚਾਰ ਸਾਲਾਂ ਲਈ ਦੋਵੇਂ ਪਾਰਟੀਆਂ ਰਲ ਕੇ ਸਥਿਰ ਘੱਟ ਗਿਣਤੀ ਸਰਕਾਰ ਬਣਾਉਣਗੀਆਂ। ਹੌਰਗਨ ਨਾਲ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੀਵਰ ਨੇ ਕਿਹਾ ਕਿ ਗ੍ਰੀਨਜ਼ ਅਗਲੇ ਚਾਰ ਸਾਲਾਂ ਲਈ ਐਨ.ਡੀ.ਪੀ. ਨੂੰ ਸਮਰਥਨ ਦੇਣਗੇ ਅਤੇ ਇਹ ਵੀ ਦਿਖਾਉਣਗੇ ਕਿ ਘੱਟ ਗਿਣਤੀ ਸਰਕਾਰ ਵੀ ਕੰਮ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਇੱਥੇ 16 ਸਾਲਾਂ ਤੱਕ ਲਿਬਰਲ ਸੱਤਾ ਉੱਤੇ ਕਾਬਜ ਰਹੇ ਤੇ 9 ਮਈ ਨੂੰ ਹੋਈਆਂ ਚੋਣਾਂ ਦੌਰਾਨ ਉਨ੍ਹਾਂ ਬਹੁਤੀਆਂ ਸੀਟਾਂ ਉੱਤੇ ਜਿੱਤ ਵੀ ਹਾਸਲ ਕੀਤੀ ਪਰ 87 ਸੀਟਾਂ ਵਾਲੀ ਵਿਧਾਨਸਭਾ ਵਿੱਚ ਉਹ ਬਹੁਗਿਣਤੀ ਹਾਸਲ ਨਹੀਂ ਕਰ ਸਕੇ। ਇਸ ਲਈ ਇਸ ਵਾਰ ਦੀਆਂ ਚੋਣਾਂ ਦਾ ਨਤੀਜਾ ਆਪਣੇ-ਆਪ 'ਚ ਹੀ ਇਤਿਹਾਸ ਰਚ ਗਿਆ ਹੈ। ਉਨ੍ਹਾਂ ਦੇ ਹਿੱਸੇ 43 ਸੀਟਾਂ ਆਈਆਂ ਜਦਕਿ ਐਨ.ਡੀ.ਪੀ. ਨੂੰ 41 ਸੀਟਾਂ ਹਾਸਲ ਹੋਈਆਂ ਅਤੇ ਗ੍ਰੀਨਜ਼ ਦੇ ਪੱਲੇ ਤਿੰਨ ਸੀਟਾਂ ਪਈਆਂ। ਕੈਨੇਡੀਅਨ ਇਤਿਹਾਸ ਵਿੱਚ ਪਹਿਲੀ ਵਾਰੀ ਸਰਕਾਰ ਬਣਾਉਣ ਲਈ ਗ੍ਰੀਨ ਪਾਰਟੀ ਦੀ ਮਦਦ ਲੈਣੀ ਜ਼ਰੂਰੀ ਹੋ ਗਈ ਹੈ। ਸੋਮਵਾਰ ਨੂੰ ਪ੍ਰੀਮੀਅਰ ਕ੍ਰਿਸਟੀ ਕਲਾਰਕ ਹਾਰ ਸਵੀਕਾਰਨ ਲਈ ਤਿਆਰ ਹੀ ਨਹੀਂ ਸੀ।


Related News