'ਕਤਰ ਏਅਰਵੇਜ਼' ਨੂੰ ਮਿਲਿਆ ਸਰਵਉੱਚ ਏਅਰਲਾਈਨਜ਼ ਦਾ ਦਰਜਾ, ਜਾਣੋ ਆਸਟਰੇਲੀਆ ਨੂੰ ਮਿਲਿਆ ਕਿਹੜਾ ਸਥਾਨ

06/25/2017 12:59:32 PM

ਮੈਲਬੌਰਨ,(ਮਨਦੀਪ ਸਿੰਘ ਸੈਣੀ)— ਪਿਛਲੇ ਦਿਨੀਂ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋਏ ਇਕ ਸਮਾਗਮ ਦੌਰਾਨ ਕਤਰ ਏਅਰਵੇਜ਼ ਨੇ ਪਿਛਲੇ ਸਾਲ ਦੀ ਜੇਤੂ ਮੱਧ ਪੂਰਬੀ ਹਵਾਈ ਕੰਪਨੀ 'ਅਮੀਰਾਤ' ਨੂੰ ਪਛਾੜਦਿਆਂ ਸਾਲ 2017 ਲਈ ਦੁਨੀਆ ਦੀ ਸਰਵਉੱਚ ਏਅਰਲਾਈਨਜ਼ ਦਾ ਖਿਤਾਬ ਹਾਸਲ ਕੀਤਾ ਹੈ। ਹਵਾਬਾਜ਼ੀ ਖੇਤਰ 'ਚ ਆਸਕਰ ਐਵਾਰਡ ਵਾਂਗ ਜਾਣੇ ਜਾਂਦੇ ਇਸ ਵੱਕਾਰੀ ਸਨਮਾਨ ਨੂੰ ਹਾਸਲ ਕਰਨ ਲਈ ਇੰਗਲੈਂਡ ਦੀ ਸੰਸਥਾ 'ਸਕਾਈਟਰੈਕ' ਵੱਲੋਂ ਕਰਵਾਏ ਗਏ ਸਰਵੇਖਣ  'ਚ ਪੂਰੀ ਦੁਨੀਆ ਦੀਆਂ 325 ਹਵਾਈ ਕੰਪਨੀਆਂ ਨੇ ਹਿਸਾ ਲਿਆ, ਜਿਸ ਦੌਰਾਨ ਖਾੜੀ ਦੇਸ਼ ਕਤਰ ਨਾਲ ਸੰਬੰਧਤ ਇਸ ਹਵਾਈ ਕੰਪਨੀ ਨੂੰ ਵੱਡਮੁੱਲਾ ਮਾਣ ਹਾਸਿਲ ਹੋਇਆ ਹੈ। ਸਰਵੇਖਣ ਵਿਚ ਸਿੰਗਾਪੁਰ ਏਅਰਲਾਈਨਜ਼ ਨੂੰ ਦੂਜਾ, ਜਾਪਾਨ ਦੀ ਐਨਾ ਏਅਰਵੇਜ਼ ਨੂੰ ਤੀਜਾ, ਪ੍ਰਸਿੱਧ ਏਅਰਲਾਈਨਜ਼ ਅਮੀਰਾਤ ਅਤੇ ਕੈਥੇ ਪੈਸੀਫਿਕ ਨੂੰ ਲੜੀਵਾਰ ਚੌਥਾ ਅਤੇ ਪੰਜਵਾਂ ਦਰਜਾ ਪ੍ਰਾਪਤ ਹੋਇਆ ਹੈ।

ਉੱਥੇ ਹੀ ਆਸਟਰੇਲੀਆ ਦੀ ਪ੍ਰਸਿੱਧ ਹਵਾਈ ਕੰਪਨੀ 'ਕੁਆਟਸ' ਪਿਛਲੇ ਸਾਲ ਦੀ ਦਰਜਾਬੰਦੀ ਤੋਂ ਖਿਸਕ ਕੇ 15ਵੇਂ ਦਰਜੇ ਤੇ ਪਹੁੰਚ ਗਈ ਜਦਕਿ 'ਵਰਜਿਨ' ਆਸਟਰੇਲੀਆ ਨੂੰ 13ਵਾਂ, ਜੈੱਟ ਸਟਾਰ ਨੂੰ 44ਵਾਂ ਅਤੇ ਟਾਈਗਰ ਏਅਰ ਨੂੰ 90ਵਾਂ ਸਥਾਨ ਮਿਲਿਆ ਹੈ। ਭਾਰਤੀ ਹਵਾਈ ਕੰਪਨੀ 'ਇੰਡੀਗੋ' ਨੂੰ ਦੁਨੀਆਂ ਦੀਆਂ ਘੱੱਟ ਖਰਚੇ ਵਾਲੀਆਂ ਏਅਰਲਾਈਨਜ਼ ਦੀ ਸ਼੍ਰੇਣੀ 'ਚ 10ਵਾਂ ਸਥਾਨ ਹਾਸਲ ਹੋਇਆ ਹੈ।

ਅਗਸਤ 2016 ਤੋਂ ਮਈ 2017 ਦਰਮਿਆਨ ਕਰਵਾਏ ਗਏ ਇਸ ਸਰਵੇਖਣ 'ਚ ਤਕਰੀਬਨ 105 ਦੇਸ਼ਾਂ ਦੇ ਕਰੀਬ 1 ਕਰੋੜ 90 ਲੱਖ ਲੋਕਾਂ ਨੇ ਆਪਣੀ ਰਾਏ ਦਿੱਤੀ ਸੀ। ਇਹ ਸਰਵੇ ਯਾਤਰੀਆਂ ਦੀ ਸੰਤੁਸ਼ਟੀ, ਬਿਹਤਰੀਨ ਸੇਵਾਵਾਂ, ਹਵਾਈ ਕੰਪਨੀਆਂ ਦੀ ਪਾਰਦਰਸ਼ਤਾ ਅਤੇ ਸੁਤੰਤਰ ਤੌਰ ਤੇ ਕੰਮਕਾਜ ਦੇ ਤਰੀਕੇ 'ਤੇ ਆਧਾਰਿਤ ਸੀ।


Related News