ਲੰਡਨ ’ਚ ਹਾਈ-ਪ੍ਰੋਫਾਈਲ ਗੈਂਗ ਦਾ ਪਰਦਾ ਫਾਸ਼, 9 ਗੈਂਗਸਟਰ ਪੁਲਸ ਅੜਿਕੇ

12/12/2017 3:40:31 PM

ਲੰਡਨ (ਏਜੰਸੀ)- ਅਪਰਾਧੀਆਂ ਦੀਆਂ ਦਿਨੋਂ-ਦਿਨ ਵਧ ਰਹੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਲੰਡਨ ਪੁਲਸ ਵਲੋਂ ਇਕ ਮੁਹਿੰਮ ਵਿੱਢੀ ਗਈ ਸੀ, ਜਿਸ ਦੌਰਾਨ ਪੁਲਸ ਨੂੰ ਵੱਡੀ ਸਫਲਤਾ ਮਿਲੀ ਅਤੇ ਇਕ ਹਾਈ-ਪ੍ਰੋਫਾਈਲ ਗੈਂਗ ਦੇ 9 ਮੈਂਬਰਾਂ ਨੂੰ ਗਿ੍ਰਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਵਲੋਂ ਉਨ੍ਹਾਂ ਖਿਲਾਫ ਵੱਖ-ਵੱਖ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਚਾਰਜ ਲਗਾਏ ਗਏ ਹਨ। ਇਹ ਗੈਂਗ ਬਹੁਤ ਹਾਈ-ਪ੍ਰੋਫਾਈਲ ਹੈ। ਫਿਲਮੀ ਅੰਦਾਜ਼ ਵਿਚ ਲਗਜ਼ਰੀ ਕਾਰਾਂ ਦੀਆਂ ਚੋਰੀਆਂ, ਨਸ਼ਾ ਤਸਕਰੀ, ਹਥਿਆਰਾਂ ਦੀ ਸਪਲਾਈ ਅਤੇ ਅਤਿ ਆਧੁਨਿਕ ਤਕਨੀਕ ਨਾਲ ਬਣੇ ਫੋਨ, ਜੋ ਟ੍ਰੇਸ ਨਹੀਂ ਕੀਤੇ ਜਾ ਸਕਦੇ, ਇਸ ਗੈਂਗ ਵਲੋਂ ਵਰਤੇ ਜਾਂਦੇ ਸਨ। ਪੁਲਸ ਨੇ ਦੱਸਿਆ ਕਿ ਇਹ ਗੈਂਗ ਮੈਂਬਰ ਨਕਲੀ ਵਾਲ ਅਤੇ ਵਿਗ ਲਗਾ ਕੇ ਤੇ ਟ੍ਰੇਸ ਨਾ ਕੀਤੇ ਜਾਣ ਵਾਲੇ ਹਾਈ ਤਕਨੀਕ ਵਾਲੇ ਫੋਨ ਦੀ ਵਰਤੋਂ ਕਰਦੇ ਸਨ। ਪੁਲਸ ਵਲੋਂ ਇਨ੍ਹਾਂ ਅਪਰਾਧੀਆਂ ਨੂੰ ਗਲਾਸਗੋ ਹਾਈਕੋਰਟ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਇਨ੍ਹਾਂ ਅਪਰਾਧੀਆਂ ਨੇ ਆਪਣਾ ਜ਼ੁਰਮ ਕਬੂਲਿਆ। ਇਨ੍ਹਾਂ ਅਪਰਾਧੀਆਂ ਦੀ ਪਛਾਣ ਡੇਵਿਡ ਸੈਲ (50), ਬੈਰੀ ਓ ਨੀਲ (37), ਐਂਥਨੀ ਵੂਡਸ (44), ਫਰਾਂਸਿਸ ਮੁਲੀਗਨ (41), ਮਾਈਕਲ ਬੋਵਮੈਨ (30), ਮਾਰਕ ਰਿਚਰਡਸਨ (30), ਗੇਰਾਰਡ ਡੋਚਰਟੀ (42), ਸਟੀਵਨ ਮੈਕਆਰਡਲੇ (33) ਅਤੇ ਮਾਰਟਿਨ ਫਿਟਜ਼ਸਿਮੋਨਸ (37) ਵਜੋਂ ਹੋਈ ਹੈ, ਜਿਨ੍ਹਾਂ ਨੂੰ ਅਗਲੇ ਮਹੀਨੇ ਅਦਾਲਤ ਵਲੋਂ ਸਜ਼ਾ ਸੁਣਾਈ ਜਾਵੇਗੀ।


Related News