'ਤੀਆਂ ਮੈਲਟਨ ਦੀਆਂ' ਮੇਲੇ ਨੇ ਸਿਰਜਿਆ ਪੰਜਾਬ ਵਰਗਾ ਮਾਹੌਲ

08/14/2017 5:08:34 PM

ਮੈਲਬੌਰਨ(ਮਨਦੀਪ ਸਿੰਘ ਸੈਣੀ)— 'ਰੂਹ ਪੰਜਾਬ ਦੀ' ਅਕੈਡਮੀ ਮੈਲਬੌਰਨ ਵੱਲੋਂ ਸਾਉਣ ਮਹੀਨੇ ਦਾ ਤਿਉਹਾਰ 'ਤੀਆਂ ਮੈਲਟਨ ਦੀਆਂ' ਮੇਲਾ ਬੀਤੇ ਸ਼ਨੀਵਾਰ ਨੂੰ ਮੈਲਟਨ ਵਿਚ ਪਹਿਲੀ ਵਾਰ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ, ਮੁਟਿਆਰਾਂ ਅਤੇ ਛੋਟੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਇਸ ਮੇਲੇ ਵਿਚ ਮੈਲਟਨ ਦੀ ਮੇਅਰ ਬੀਬੀ ਸੋਫੀ ਰੈਮਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਆਪਣੇ ਸੰਖੇਪ ਭਾਸ਼ਣ ਵਿਚ ਮੇਅਰ ਨੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਮੇਲੇ ਵੱਖ-ਵੱਖ ਭਾਈਚਾਰਿਆਂ ਵਿਚ ਆਪਸੀ ਪਿਆਰ ਅਤੇ ਬਿਹਤਰ ਤਾਲਮੇਲ ਬਣਾਉਣ ਵਿਚ ਸਹਾਈ ਹੁੰਦੇ ਹਨ ਅਤੇ ਇਨ੍ਹਾਂ ਦੀ ਬਦੌਲਤ ਬਹੁ-ਸੱਭਿਆਚਾਰਕ ਸਮਾਜ ਦੀ ਸਿਰਜਣਾ ਹੁੰਦੀ ਹੈ। ਪੰਜਾਬਣ ਮੁਟਿਆਰਾਂ ਅਤੇ ਬੱਚਿਆਂ ਵੱਲੋਂ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਲੋਕ ਬੋਲੀਆਂ, ਗਿੱਧਾ, ਭੰਗੜਾ ਅਤੇ ਲੋਕ ਗੀਤਾਂ ਅਤੇ ਪੇਸ਼ਕਾਰੀ ਕਰ ਕੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ। ਬਜ਼ੁਰਗ ਔਰਤਾਂ ਨੇ ਪਾਕਿਸਤਾਨੀ ਪੰਜਾਬੀ ਟੱਪਿਆਂ 'ਤੇ ਗਿੱਧਾ ਪਾ ਕੇ ਸਮਾਂ ਬੰਨ੍ਹ ਦਿੱਤਾ ਅਤੇ ਅਪਾਹਜ ਬੱਚਿਆਂ ਵੱਲੋਂ ਕੀਤੇ ਫੈਸ਼ਨ ਸ਼ੋਅ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਮੰਚ ਸੰਚਾਲਕ ਵਰਿੰਦਰਜੀਤ ਮਾਂਗਟ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਦਿਆਂ ਦਰਸ਼ਕਾਂ ਨਾਲ ਤਾਲਮੇਲ ਬਣਾਈ ਰੱਖਿਆ। ਮੁੱਖ ਪ੍ਰਬੰਧਕ ਮਨਜਿੰਦਰ ਸੈਣੀ, ਦੁਪਿੰਦਰ ਕੌਰ, ਦੀਪ ਕੌਰ ਢਿੱਲੋਂ, ਬਲਜਿੰਦਰ ਕੌਰ ਢਿੱਲੋਂ, ਮਨਪ੍ਰੀਤ ਕੌਰ ਗਿੱਲ ਅਤੇ ਸਮੁੱਚੀ ਟੀਮ ਨੇ ਆਏ ਹੋਏ ਮਹਿਮਾਨਾਂ, ਸਹਿਯੋਗੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਰੂਹ ਪੰਜਾਬ ਦੀ' ਅਕੈਡਮੀ ਦਾ ਉਦੇਸ਼ ਇੱਥੇ ਪਲ ਰਹੇ ਬੱਚਿਆਂ ਨੂੰ ਅਮੀਰ ਵਿਰਾਸਤ ਨਾਲ ਜੋੜਨਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਇਸ ਸ਼ਾਨਾਮੱਤੇ ਪੁਰਾਤਨ ਪੰਜਾਬੀ ਸੱਭਿਆਚਾਰ 'ਤੇ ਮਾਣ ਮਹਿਸੂਸ ਕਰ ਸਕਣ। ਅੰਤ ਵਿਚ ਹਾਜ਼ਰ ਮਹਿਮਾਨਾਂ ਅਤੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ।


Related News