ਜਾਨ ਦੀ ਬਾਜ਼ੀ ਲਗਾ ਕੇ ਬਚਾਈ ਗੁਆਂਢੀਆਂ ਦੀ ਜ਼ਿੰਦਗੀ, ਲੋਕਾਂ ਨੇ ਨਾਂ ਦਿੱਤਾ ''ਹੀਰੋ''

06/23/2017 3:07:15 PM

ਬ੍ਰਿਸਬੇਨ— ਕਹਿੰਦੇ ਨੇ ਇਕ ਗੁਆਂਢੀ ਹੀ ਦੂਜੇ ਗੁਆਂਢੀ ਦੇ ਕੰਮ ਆਉਂਦਾ ਹੈ। ਬ੍ਰਿਸਬੇਨ 'ਚ ਇਹ ਗੱਲ ਸੱਚ ਹੋ ਗਈ ਹੈ। ਦੱਸਿਆ ਜਾ ਰਿਹਾ ਰਿਹਾ ਹੈ ਕਿ ਅਚਾਨਕ ਰੋਡ ਤੇ ਰੋਬਿਨ ਨਾਂ ਦੇ ਬਜ਼ੁਰਗ ਜੋੜੇ ਦੇ ਘਰ ਅੱਧੀ ਰਾਤ ਨੂੰ ਅੱਗ ਲੱਗ ਗਈ। ਇਹ ਜੋੜਾ ਘਬਰਾ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ। ਬੀਮਾਰ ਹੋਣ ਕਾਰਨ ਦੋਵੇਂ ਵ੍ਹੀਲਚੇਅਰ 'ਤੇ ਹੀ ਰਹਿੰਦੇ ਹਨ। ਰੋਡ ਨੇ ਬਾਹਰ ਆਉਣ ਲਈ ਆਪਣੀ ਪਤਨੀ ਨੂੰ ਬੁਲਾਇਆ ਪਰ ਉਹ ਕਮਰੇ ਦੀ ਦਹਲੀਜ ਕੋਲ ਡਿੱਗ ਗਈ ਤੇ ਉੱਠ ਨਾ ਸਕੀ। 
ਉਨ੍ਹਾਂ ਦੇ ਗੁਆਂਢੀ ਬਰੇਨ ਪਰੋਥੋਰੀ ਨੂੰ ਉਸ ਦੀ ਪਤਨੀ ਨੇ ਉਠਾਇਆ ਤੇ ਦੱਸਿਆ ਕਿ ਸਾਹਮਣੇ ਘਰ ਨੂੰ ਅੱਗ ਲੱਗ ਗਈ ਹੈ। ਇਹ ਦੇਖ ਬਰੇਨ ਜਾਨ ਦੀ ਬਾਜ਼ੀ ਲਗਾ ਕੇ ਬਜ਼ੁਰਗ ਜੋੜੇ ਦੇ ਘਰ ਗਿਆ ਤੇ 60 ਸਾਲਾ ਔਰਤ ਨੂੰ ਚੁੱਕ ਕੇ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਘਰ 'ਚ ਬੁਰੀ ਤਰ੍ਹਾਂ ਨਾਲ ਅੱਗ ਫੈਲ ਗਈ ਸੀ ਤੇ ਕਮਰੇ ਦੀ ਖਿੜਕੀ ਕੋਲ ਅੱਗ ਆ ਗਈ ਸੀ, ਜੇਕਰ ਬਰੇਨ ਉਨ੍ਹਾਂ ਦੀ ਮਦਦ ਲਈ ਅੱਗੇ ਨਾ ਆਉਂਦਾ ਤਾਂ ਬਜ਼ੁਰਗ ਔਰਤ ਦੀ ਜ਼ਿੰਦਗੀ ਨੂੰ ਖਤਰਾ ਹੋ ਜਾਣਾ ਸੀ। ਪੁਲਸ ਨੇ ਦੱਸਿਆ ਕਿ ਉਂਝ ਉਹ ਦੋਵੇਂ ਸੁਰੱਖਿਅਤ ਹਨ ਪਰ ਫਿਰ ਵੀ ਮੈਡੀਕਲ ਜਾਂਚ ਲਈ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ। ਬਰੇਨ ਨੂੰ ਹਰ ਪਾਸੇ ਲੋਕ 'ਹੀਰੋ' ਕਹਿ ਰਹੇ ਹਨ। ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ 'ਚ ਘੱਟੋ-ਘੱਟ 2 ਘੰਟੇ ਲੱਗ ਗਏ। ਸਾਰਾ ਘਰ ਸੜ ਕੇ ਸਵਾਹ ਹੋ ਗਿਆ ਹੈ। ਬਰੇਨ ਨੇ ਕਿਹਾ ਕਿ ਉਹ ਕੋਈ ਹੀਰੋ ਨਹੀਂ ਹੈ ਕਿਉਂਕਿ ਜੇਕਰ ਕੋਈ ਹੋਰ ਉਸ ਦੀ ਜਗ੍ਹਾ ਹੁੰਦਾ ਤਾਂ ਉਸ ਨੇ ਵੀ ਅਜਿਹਾ ਹੀ ਕਰਨਾ ਸੀ।


Related News