ਹੁਨਰਮੰਦ ਕਾਮਿਆਂ ਲਈ ਚੰਗੀ ਖਬਰ, ਓਨਟਾਰੀਓ ''ਚ ਨਵੀਂ ਇੰਮੀਗ੍ਰੇਸ਼ਨ ਯੋਜਨਾ ਦੀ ਸ਼ੁਰੂਆਤ

08/18/2017 2:49:06 AM

ਟੋਰਾਂਟੋ— ਓਟਾਰੀਓ ਸਰਕਾਰ ਨੇ ਇਕ ਨਵੀਂ ਇੰਮੀਗ੍ਰੇਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਹੁਨਰਮੰਦ ਕਾਮਿਆਂ ਦੀ ਮੰਗ ਕਰ ਰਹੇ ਖੇਤਰ ਨੌਕਰੀ ਦੀ ਪੇਸ਼ਕਸ਼ ਰਾਹੀਂ ਪ੍ਰਵਾਸੀਆਂ ਨੂੰ ਕੈਨੇਡਾ ਸੱਦ ਸਕਣਗੇ। ਇਹ ਇੰਪਲਾਇਰ ਜੌਬ ਆਫਰ ਇੰਮੀਗ੍ਰੇਸ਼ਨ ਯੋਜਨਾ ਓਨਟਾਰੀਓ ਇੰਮੀਗ੍ਰੈਂਟ ਦਾ ਹੀ ਹਿੱਸਾ ਹੈ।
16 ਅਗਸਤ ਤੋਂ ਸ਼ੁਰੂ ਕੀਤੀ ਇਸ ਯੋਜਨਾ 'ਚ ਖੇਤੀ ਤੇ ਉਸਾਰੀ ਦੇ ਖੇਤਰ ਨਾਲ ਸਬੰਧਿਤ ਪੇਸ਼ੇ ਵੀ ਸ਼ਾਮਲ ਹਨ। ਨੌਕਰੀ ਦੀ ਪੇਸ਼ਕਸ਼ 'ਚ ਮੁੱਖ ਰੂਪ 'ਚ ਰਿਹਾਇਸ਼ੀ ਤੇ ਕਮਰਸ਼ੀਅਲ ਇੰਸਟਾਲਰ ਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ, ਭਾਰੀ ਮਸ਼ੀਨਰੀ ਚਲਾਉਣ ਵਾਲੇ, ਸਾਧਾਰਣ ਖੇਤੀ ਕਾਮੇ, ਇਮਾਰਤੀ ਉਸਾਰੀ ਲਈ ਹੈਲਪਰ ਤੇ ਕਿਰਤੀ, ਜੀਓਲਾਜੀਕਲ ਤੇ ਮਿਨਰਲ ਟੈਕਨੀਲੋਜਿਸਟ ਤੇ ਤਕਨੀਸ਼ੀਅਨ, ਕਸਾਈ, ਪੋਲਟਰੀ ਫਾਰਮਾਂ 'ਚ ਕੰਮ ਕਰਨ ਵਾਲੇ ਤੇ ਇਸ ਨਾਲ ਸਬੰਧਿਤ ਕਾਮੇ ਸ਼ਾਮਲ ਹਨ।
ਇਸ ਯੋਜਨਾ ਦੇ ਤਹਿਤ ਅਰਜ਼ੀ ਦੇਣ ਦੇ ਇੱਛੁਕ ਬਿਨੈਕਾਰਾਂ ਨੂੰ ਓਨਟਾਰੀਓ 'ਚ ਕੰਮ ਕਰਨ ਦਾ 12 ਮਹੀਨੇ ਦਾ ਤਜ਼ਰਬਾ ਹੋਣਾ ਚਾਹੀਦਾ ਹੈ ਜੋ ਕਿ ਅਰਜ਼ੀ ਦੀ ਮਿਤੀ ਤੋਂ ਪਿਛਲੇ 36 ਮਹੀਨਿਆਂ ਦੇ ਦੌਰਾਨ ਹੋਣਾ ਚਾਹੀਦਾ ਹੈ। ਸਿੱਖਿਆ ਦੇ ਮਾਮਲੇ 'ਚ ਉਮੀਦਵਾਰ ਨੇ ਕੈਨੇਡੀਅਨ ਸੈਕੰਡਰੀ ਹਾਈ ਸਕੂਲ ਦੇ ਬਰਾਬਰ ਸਿੱਖਿਆ ਪ੍ਰਾਪਤ ਕੀਤੀ ਹੋਵੇ, ਜਿਸ ਦੇ ਸਾਰੇ ਦਸਤਾਵੇਜ਼ ਲਾਜ਼ਮੀ ਹਨ। 
ਇਸ ਯੋਜਨਾ ਦੇ ਤਹਿਤ ਸਿਰਫ ਉਹ ਰੁਜ਼ਗਾਰਦਾਤਾ ਭਾਵ ਇੰਪਲਾਇਰ ਨੌਕਰੀ ਦੀ ਪੇਸ਼ਕਸ਼ ਕਰ ਸਕਦੇ ਹਨ, ਜੋ ਘੱਟ ਤੋਂ ਘੱਟ ਪਿਛਲੇ ਤਿੰਨ ਸਾਲ ਤੋਂ ਕਾਰੋਬਾਰ 'ਚ ਸਰਗਰਮ ਹੋਣ ਤੇ ਉਨ੍ਹਾਂ ਕੋਲ ਓਨਟਾਰੀਓ ਦਾ ਕਾਰੋਬਾਰੀ ਸਥਾਨ ਵੀ ਹੋਵੇ। ਇਸ ਦੇ ਇਲਾਵਾ ਗ੍ਰੇਟਰ ਟੋਰਾਂਟੋ ਨਾਲ ਸਬੰਧ ਰੱਖਣ ਵਾਲੇ ਇੰਪਲਾਇਰਾਂ ਲਈ ਸਾਲਾਨਾ ਆਮਦਨ 10 ਲੱਖ ਡਾਲਰ ਤੋਂ ਵਧ ਹੋਣੀ ਚਾਹੀਦੀ ਹੈ।
ਸਫਲ ਉਮੀਦਵਾਰਾਂ ਨੂੰ ਫੁੱਲ ਟਾਈਮ ਨੌਕਰੀ ਦੇ ਤਹਿਤ 12 ਮਹੀਨੇ 'ਚ ਘੱਟ ਤੋਂ ਘੱਟ 1560 ਘੰਟੇ ਕੰਮ ਕਰਨ ਦਾ ਮੌਕਾ ਮਿਲੇਗਾ ਤੇ ਉਨ੍ਹਾਂ ਨੂੰ ਪ੍ਰੋਵਿਨਸ਼ੀਅਲ ਨੌਮੀਨੇਸ਼ਨ ਸਰਟੀਫਿਕੇਸ਼ਨ ਦਿੱਤੇ ਜਾਣਗੇ, ਜਿਨ੍ਹਾਂ ਦੇ ਆਧਾਰ 'ਤੇ ਉਹ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ 'ਚ ਵੱਖਰੀ ਅਰਜ਼ੀ ਦਾਖਲ ਕਰ ਆਪਣੇ ਪਰਿਵਾਰਕ ਮੈਂਬਰਾਂ ਲਈ ਪੀ.ਆਰ. ਦਾ ਦਰਜਾ ਹਾਸਲ ਕਰ ਸਕਦੇ ਹਨ।


Related News