ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਵਿਵਾਦਮਈ ਯੁੱਧ ਸਮਾਰਕ ਨੂੰ ਭੇਜੀ ਭੇਂਟ

10/17/2017 2:28:34 PM

ਟੋਕਿਓ (ਭਾਸ਼ਾ)— ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਮੰਗਲਵਾਰ ਨੂੰ ਵਿਵਾਦਮਈ ਯੁੱਧ ਸਮਾਰਕ ਯਾਸੁਕੁਨੀ ਸ਼੍ਰਾਈਨ ਲਈ ਰਵਾਇਤੀ ਤੋਹਫਾ ਭੇਜਿਆ। ਆਬੇ ਦੀ ਇਸ ਤੋਹਫੇ ਨਾਲ ਚੀਨ ਅਤੇ ਦੱਖਣੀ ਕੋਰੀਆ ਦੇ ਮੱਥੇ ਵੱਟ ਪੈਣ ਦੀ ਸੰਭਾਵਨਾ ਹੈ, ਜੋ ਇਸ ਵਿਵਾਦਮਈ ਸਥਲ ਨੂੰ ਜਾਪਾਨ ਦੀ ਬੀਤੀ ਯੁੱਧ ਪਰੰਪਰਾ ਦੀ ਦਰਦਨਾਕ ਯਾਦ ਦੇ ਤੌਰ 'ਤੇ ਦੇਖਦੇ ਹਨ। 
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਯਾਸੁਕੁਨੀ ਧਰਮ ਸਥਲ ਨੂੰ ਪਵਿੱਤਰ ''ਮਸਾਕਾਕੀ'' ਰੁੱਖ ਭੇਜਿਆ, ਜਿਸ 'ਤੇ ਉਨ੍ਹਾਂ ਦਾ ਨਾਂ ਲਿਖਿਆ ਹੋਇਆ ਹੈ। ਗੌਰਤਲਬ ਹੈ ਕਿ ਯਾਸੁਕੁਨੀ ਸ਼੍ਰਾਈਨ ਵਿਚ ਚਾਰ ਦਿਨ ਦਾ ਉਤਸਵ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਮੰਗਲਵਾਰ ਸਵੇਰੇ ਕਿਸੇ ਪ੍ਰਮੁੱਖ ਰਾਜਨੀਤਕ ਹਸਤੀ ਨੂੰ ਇੱਥੇ ਨਹੀਂ ਦੇਖਿਆ ਗਿਆ। ਜਾਪਾਨੀ ਮੀਡੀਆ ਮੁਤਾਬਕ ਉਤਸਵ ਦੌਰਾਨ ਆਬੇ ਦੇ ਇਸ ਸਮਾਰਕ 'ਤੇ ਆਉਣ ਦੀ ਸੰਭਾਵਨਾ ਹੈ। 
ਐਤਵਾਰ ਨੂੰ ਜਾਪਾਨ ਵਿਚ ਮੱਧ ਕਾਲ ਦੀਆਂ ਚੋਣਾਂ ਹੋਣ ਵਾਲੀਆਂ ਹਨ। ਉੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਕਾਰਜਕ੍ਰਮਾਂ ਨੂੰ ਲੈ ਕੇ ਗਲੋਬਲ ਚਿੰਤਾ ਵਿਚਕਾਰ ਜਾਪਾਨ, ਚੀਨ ਅਤੇ ਦੱਖਣੀ ਕੋਰੀਆ ਨਾਲ ਸੰਬੰਧਾਂ ਵਿਚ ਗਰਮਜੋਸ਼ੀ ਲਿਆਉਣਾ ਚਾਹੁੰਦਾ ਹੈ। ਇਹ ਯੁੱਧ ਸਮਾਰਕ ਦੂਜੇ ਵਿਸ਼ਵ ਯੁੱਧ ਮਗਰੋਂ ਯੁੱਧ ਅਪਰਾਧ ਵਿਚ ਦੋਸ਼ੀ ਠਹਿਰਾਏ ਗਏ ਸੀਨੀਅਰ ਫੌਜੀ ਅਧਿਕਾਰੀਆਂ ਅਤੇ ਰਾਜਨੀਤਕ ਹਸਤੀਆਂ ਸਮੇਤ ਯੁੱਧ ਵਿਚ ਮਾਰੇ ਗਏ ਲੱਖਾਂ ਜਾਪਾਨੀਆਂ ਦੀ ਯਾਦ ਵਿਚ ਬਣਾਇਆ ਗਿਆ ਹੈ।


Related News