ਆਜ਼ਾਦੀ ਦਿਹਾੜੇ ਮੌਕੇ ਭਾਰਤੀ ਕੌਂਸਲੇਟ ਨੇ ਫਹਿਰਾਇਆ ਤਿਰੰਗਾ

08/18/2017 9:31:48 AM

ਟੋਰਾਂਟੋ (ਕੰਵਲਜੀਤ ਕੰਵਲ)— ਭਾਰਤ ਦੀ ਆਜ਼ਾਦੀ ਦੀ 71ਵੀਂ ਪੂਰਵ ਸੰਧਿਆ 'ਤੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਨਰਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਟੋਰਾਂਟੋ 'ਚ ਤਾਇਨਾਤ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸੀਮਾ ਭਾਟੀਆ ਵੀ ਸਨ। ਝੰਡਾ ਫਹਿਰਾਉਣ ਸਮੇਂ ਉਨ੍ਹਾਂ ਨੇ ਇਸ ਸਮਾਗਮ ਵਿਚ ਪੁੱਜੇ ਵੱਡੀ ਗਿਣਤੀ 'ਚ ਸਾਬਕਾ ਫੌਜੀਆਂ ਤੋਂ ਸਲਾਮੀ ਵੀ ਲਈ ਤੇ ਰਾਸ਼ਟਰੀ ਗੀਤ ਗਾਇਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਕੂਲ ਬਰੈਂਪਟਨ ਦੇ ਬੱਚਿਆਂ ਵੱਲੋਂ ਗੁਰਬਾਣੀ ਤੇ ਦੇਸ਼ ਭਗਤੀ ਦੇ ਗੀਤਾਂ ਦਾ ਗਾਇਨ ਕੀਤਾ ਗਿਆ।
ਇਸ ਮੌਕੇ ਦਿਨੇਸ਼ ਭਾਟੀਆ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਵਧਾਈ ਦਿੱਤੀ। ਇੱਥੇ ਨਿਊ ਹੋਪ ਸੀਨੀਅਰ ਬਰੈਂਪਟਨ ਵੱਲੋਂ ਸ਼ੰਭੂ ਦੱਤ ਸ਼ਰਮਾ ਦੀ ਅਗਵਾਈ ਹੇਠ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਰਿਲੀਫ ਫੰਡ ਲਈ 21340 ਡਾਲਰ ਦਾ ਚੈੱਕ ਵੀ ਦਿੱਤਾ ਗਿਆ। ਸ਼ਾਮ ਨੂੰ ਵਾਅਨ ਸਿਟੀ ਦੇ ਇਕ ਹੋਟਲ ਵਿਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਇਕ ਸ਼ਾਨਦਾਰ ਰਿਸੈਪਸ਼ਨ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ।


Related News