ਇਟਲੀ ''ਚ ਪਹਿਲੀ ਬਰਫਬਾਰੀ ਨੇ ਦਿੱਤੀ ਦਸਤਕ, ਜਨ-ਜੀਵਨ ਬੁਰੀ ਤਰ੍ਹਾਂ ਹੋਇਆ ਪ੍ਰਭਾਵਿਤ

12/11/2017 2:44:47 PM

ਰੋਮ(ਕੈਂਥ)— ਕੁਦਰਤ ਵੀ ਬੜੀ ਅਜੀਬ ਹੈ, ਕਦੇ ਇਟਲੀ ਵਿਚ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਕਰ ਦਿੰਦੀ ਹੈ ਅਤੇ ਕਦੇ ਠੰਡ ਨਾਲ ਕੰਬਣੀ ਲਾ ਦਿੰਦੀ ਹੈ ਪਰ ਸਿਆਣਿਆ ਕਿਹਾ ਹੈ ਕਿ ਰੁੱਤ-ਰੁੱਤ ਦਾ ਮੇਵਾ ਹੁੰਦਾ ਹੈ। ਇਸ ਲਈ ਜਿੱਥੇ ਨਵੇਂ ਸਾਲ ਅਤੇ ਕ੍ਰਿਸਮਸ ਦਾ ਲੋਕ ਪੂਰਾ ਨਜ਼ਾਰਾ ਲੈ ਰਹੇ ਹਨ, ਉੱਥੇ ਹੀ ਇਟਲੀ ਵਿਚ ਸ਼ੁਰੂ ਹੋਈ ਪਹਿਲੀ ਭਾਰੀ ਬਰਫਬਾਰੀ ਨਾਲ ਇਟਲੀ ਦੇ ਕਈ ਇਲਾਕਿਆਂ ਵਿਚ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਬਰਫਬਾਰੀ ਦਾ ਅਸਰ ਜ਼ਿਆਦਾ ਉੱਤਰੀ ਇਟਲੀ ਵਿਚ ਦੇਖਣ ਨੂੰ ਮਿਲਿਆ ਹੈ। ਜਿਸ ਨਾਲ ਕਈ ਨਾਮੀ ਸ਼ਹਿਰ ਸ਼ੀਤ ਲਹਿਰ ਦੇ ਲਪੇਟ ਵਿਚ ਹਨ। ਇਸ ਸਮੇਂ ਸੜਕਾਂ 'ਤੇ ਬਰਫ ਦੀ ਚਾਦਰ ਵਿੱਛੀ ਨਜ਼ਰ ਆ ਰਹੀ ਹੈ। ਇਸ ਬਰਫੀਲੀ ਠੰਡ ਕਾਰਨ ਕੰਮ ਕਾਰ ਠੱਪ ਹੋ ਗਏ ਹਨ, ਜਿਸ ਦਾ ਖਾਮਿਆਜ਼ਾ ਇਟਲੀ ਵਿਚ ਵਸਦੇ ਵਿਦੇਸ਼ੀਆਂ ਨੂੰ ਜ਼ਿਆਦਾ ਭੁਗਤਣਾ ਪੈ ਰਿਹਾ ਹੈ।
ਇਸ ਬਰਫਬਾਰੀ ਕਾਰਨ ਸੜਕਾਂ 'ਤੇ ਚੱਲਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿੱਥੇ ਹਾਈਵੇਅ (ਆਟੋਸਤਰਾਦਾ) 'ਤੇ ਤੇਜ਼ ਹਵਾ ਅਤੇ ਬਰਫਵਾਰੀ ਨਾਲ ਭਾਰੀ ਜਾਮ ਕਾਰਨ ਫਸੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਉਥੇ ਹੀ ਬੱਚੇ ਇਸ ਬਰਫ ਨਾਲ ਖੇਡ ਕੇ ਭਰਪੂਰ ਨਜ਼ਾਰਾ ਲੈ ਰਹੇ ਹਨ। ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਨਾਲ ਬਰਫ ਹਟਾਈ ਜਾ ਰਹੀ ਹੈ ਅਤੇ ਸੜਕਾਂ 'ਤੇ ਲੂਣ ਸੁੱਟਿਆ ਜਾ ਰਿਹਾ ਹੈ। ਕ੍ਰਿਸਮਸ ਤੋਂ ਪਹਿਲਾ ਹੋਈ ਇਹ ਬਰਫਬਾਰੀ ਇਟਾਲੀਅਨ ਲੋਕਾਂ ਦੇ ਚਿਹਰਿਆ 'ਤੇ ਖੁਸ਼ੀ ਲੈ ਕੇ ਆਈ ਹੈ। ਪੂਰੇ ਯੂਰਪ ਵਿਚ ਹੋਈ ਇਸ ਬਰਫਬਾਰੀ ਨਾਲ ਤਾਪਮਾਨ ਕਾਫੀ ਹੇਠਾਂ ਡਿੱਗ ਗਿਆ ਹੈ। ਇਟਲੀ ਦੇ ਫੇਸਬੁੱਕ ਪ੍ਰੇਮੀਆਂ ਨੇ ਬਰਫ ਵਿਚ ਨਜ਼ਾਰੇ ਲੈ ਕੇ ਇਨ੍ਹਾਂ ਪਲਾਂ ਨੂੰ ਲਾਈਵ ਅਤੇ ਤਸਵੀਰਾਂ ਰਾਹੀਂ ਆਪਣੇ ਕੈਮਰਿਆਂ ਵਿਚ ਕੈਦ ਕੀਤਾ।


Related News