ਆਸਟ੍ਰੇਲੀਅਨ ਸਿਟੀਜ਼ਨਸ਼ਿਪ ਦੀਆਂ ਯੋਗਤਾ ਸਬੰਧੀ ਸਖਤ ਤਜਵੀਜ਼ਾਂ ਤੋਂ ਟਰਨਬੁੱਲ ਸਰਕਾਰ ਹਟੀ ਪਿੱਛੇ

10/20/2017 10:51:58 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਵਸਦੇ ਪ੍ਰਵਾਸੀਆਂ 'ਤੇ ਖਾਸ ਕਰਕੇ ਭਾਰਤੀਆਂ ਲਈ ਦੀਵਾਲੀ ਦਾ ਤਿਉਹਾਰ ਉਸ ਸਮੇ ਹੋਰ ਵੀ ਖੁਸ਼ਨੁਮਾ ਹੋ ਗਿਆ, ਜਦੋਂ ਆਸਟ੍ਰੇਲੀਆ ਦੀ ਲਿਬਰਲ ਸਰਕਾਰ ਵਲੋਂ ਸਿਟੀਜ਼ਨਸ਼ਿਪ (ਨਾਗਰਿਕਤਾ) ਲੈਣ ਸਬੰਧੀ ਸੰਭਾਵਿਤ ਸਖਤ ਬਿੱਲ ਦਾ ਮਸੌਦਾ ਗਰੀਨ ਪਾਰਟੀ, ਲੇਬਰ ਪਾਰਟੀ 'ਤੇ ਸੰਸਦ ਮੈਂਬਰ ਨਿੱਕ ਟੀਮ ਦੇ ਵਿਰੋਧ ਕਾਰਨ ਪਾਸ ਨਾ ਹੋ ਸਕਿਆ।
ਅਵਾਸ 'ਤੇ ਸਰਹੱਦ ਸੁਰੱਖਿਆ ਮੰਤਰੀ ਪੀਟਰ ਡੱਟਨ ਵਲੋਂ ਨਾਗਰਿਕਤਾ ਕਾਨੂੰਨ ਵਿਚ ਜੋ ਸਖਤ ਤਰਮੀਮਾਂ ਵਿਚਾਰ ਅਧੀਨ ਸਨ, ਉਨ੍ਹਾਂ ਵਿਚ ਪੀ. ਆਰ ਉਪਰੰਤ ਬਿਨੈਕਾਰ ਨੂੰ ਚਾਰ ਸਾਲ ਤੱਕ ਨਾਗਰਿਕਤਾ ਲੈਣ ਲਈ ਉਡੀਕ ਕਰਨਾ, ਅੰਗਰੇਜ਼ੀ ਭਾਸ਼ਾ ਪਾਸ ਕਰਨ ਦੀ ਪ੍ਰੀਖਿਆ ਦੇ ਸਖਤ ਮਾਪਦੰਡ ਅਤੇ ਮੰਤਰੀ ਦੇ ਅਧਿਕਾਰਾਂ ਵਿਚ ਵਾਧਾ ਆਦਿ ਕਰਨ ਦਾ ਨਿਯਮ ਵਿਚਾਰ ਅਧੀਨ ਸੀ। ਮੌਜੂਦਾ ਕਾਨੂੰਨ ਅਨੁਸਾਰ ਬਿਨੈਕਾਰ ਪੀ. ਆਰ. ਲੈਣ ਤੋ ਇੱਕ ਸਾਲ ਬਾਅਦ ਕੁਝ ਸ਼ਰਤਾਂ ਪੂਰੀਆਂ ਕਰਨ ਉਪਰੰਤ ਸਿਟੀਜ਼ਨਸ਼ਿਪ (ਨਾਗਰਿਕਤਾ) ਪ੍ਰਾਪਤ ਕਰ ਸਕਦੇ ਹਨ। 
ਸਰਕਾਰ ਦੇ ਨਵੇਂ ਵਿਚਾਰ ਅਧੀਨ ਬਿੱਲ 'ਤੇ ਪ੍ਰਵਾਸੀਆਂ ਵਲੋਂ ਸ਼ੁਰੂ ਤਂੋ ਹੀ ਤਿੱਖੇ ਵਿਰੋਧ ਕਾਰਨ ਅਤੇ ਵਿਰੋਧੀ ਰਾਜਨੀਤਕ ਪਾਰਟੀਆਂ ਦੀ ਪ੍ਰਵਾਸੀਆਂ ਪ੍ਰਤੀ ਸੁਹਿਰਦ ਪਹੁੰਚ ਨੇ ਸਰਕਾਰ ਨੂੰ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਪ੍ਰਵਾਸੀਆਂ ਵਲੋਂ ਗਰੀਨ ਪਾਰਟੀ, ਲੇਬਰ ਪਾਰਟੀ 'ਤੇ ਨਿੱਕ ਟੀਮ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ ਸ਼ੋਸ਼ਲ ਮੀਡੀਆ 'ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਗਰੀਨ ਪਾਰਟੀ ਇਨਾਲਾ ਸੰਸਦੀ ਹਲਕੇ ਤੋਂ ਉਮੀਦਵਾਰ ਨਵਦੀਪ ਸਿੰਘ ਨੇ ਕਿਹਾ ਕਿ ਜਿਸ ਦਿਨ ਤੋਂ ਸਰਕਾਰ ਨੇ ਨਾਗਰਿਕਤਾ ਕਾਨੂੰਨ ਵਿਚ ਤਬਦੀਲੀ ਕਰਨ ਸਬੰਧੀ ਬਿੱਲ ਲਿਆਉਣ ਦੀ ਤਜਵੀਜ਼ ਰੱਖੀ ਸੀ, ਉਸੇ ਦਿਨ ਤੋਂ ਗਰੀਨ ਪਾਰਟੀ ਨੇ ਡਟਵਾਂ ਵਿਰੋਧ ਕੀਤਾ ਹੈ।ਗਰੀਨ ਪਾਰਟੀ ਦੇ ਸੈਨੇਟਰ ਨਿੱਕ ਮੈਕਿਮ ਨੇ ਕਿ ਕਿਹਾ,''ਆਸਟ੍ਰੇਲੀਆ ਬਹੁ-ਸੱਭਿਅਕ ਦੇਸ਼ ਹੈ, ਜਿੱਥੇ ਪ੍ਰਵਾਸੀ ਦੇਸ਼ ਦੇ ਵਿਕਾਸ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।'' ਅੱਜ ਦਾ ਦਿਨ ਪ੍ਰਵਾਸੀਆਂ ਲਈ ਯਾਦਗਾਰੀ ਬਣ ਗਿਆ ਹੈ।


Related News