ਮਹਿਲਾ ਸੰਸਦੀ ਮੈਂਬਰਾਂ ਨੇ ਟਰੰਪ ''ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਦੀ ਕੀਤੀ ਮੰਗ

12/12/2017 1:29:41 PM

ਵਾਸ਼ਿੰਗਟਨ (ਭਾਸ਼ਾ)— ਡੈਮੋਕ੍ਰੈਟਿਕ ਪਾਰਟੀ ਦੀਆਂ ਕਰੀਬ 60 ਮਹਿਲਾ ਸੰਸਦੀ ਮੈਂਬਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਵਿਸਤ੍ਰਿਤ ਜਾਂਚ ਦੀ ਮੰਗ ਕੀਤੀ ਹੈ। ਹਾਊਸ ਕਮੇਟੀ 'ਆਨ ਓਵਰਸਾਈਟ ਐਂਡ ਗਵਰਮੈਂਟ ਰਿਫੋਰਮਸ' ਦੇ ਪ੍ਰਧਾਨ ਅਤੇ ਰੈਕਿੰਗ ਮੈਂਬਰ ਨੂੰ ਭੇਜੇ ਗਏ ਇਕ ਪੱਤਰ ਵਿਚ 54 ਮਹਿਲਾ ਸੰਸਦੀ ਮੈਂਬਰਾਂ ਦੇ ਦਸਤਖਤ ਹਨ। ਇਸ ਵਿਚ ਕਿਹਾ ਗਿਆ ਹੈ ਕਿ 'ਮੀ ਟੂ' ਮੁਹਿੰਮ ਦੇ ਦੌਰ ਵਿਚ ਪੂਰੇ ਅਮਰੀਕਾ ਦੀਆਂ ਔਰਤਾਂ ਆਪਣੇ ਜਿਨਸੀ ਸ਼ੋਸ਼ਣ ਅਤੇ ਪਰੇਸ਼ਾਨੀ ਦੀ ਦਹਿਸ਼ਤ ਭਰੀ ਕਹਾਣੀ ਦੁਨੀਆ ਸਾਹਮਣੇ ਰੱਖ ਰਹੀਆਂ ਹਨ। ਪੱਤਰ ਵਿਚ ਕਿਹਾ ਗਿਆ ਹੈ,''ਕਾਂਗਰਸ ਦੇ ਮੈਂਬਰ ਵੀ ਜਾਂਚ ਦੇ ਦਾਇਰੇ ਵਿਚ ਆਏ ਹਨ ਅਤੇ ਇਨ੍ਹਾਂ ਵਿਚੋਂ ਕੁਝ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਅਸਤੀਫਾ ਵੀ ਦੇ ਰਹੇ ਹਨ।'' 
ਟਰੰਪ 'ਤੇ ਦੋਸ਼ ਲਗਾਉਣ ਵਾਲੀਆਂ ਤਿੰਨ ਔਰਤਾਂ ਨੇ ਕੱਲ ਇਕ ਪੱਤਰਕਾਰ ਸੰਮੇਲਨ ਵਿਚ ਮੰਗ ਕੀਤੀ ਕਿ ਉਨ੍ਹਾਂ ਵੱਲੋਂ ਰਾਸ਼ਟਰਪਤੀ 'ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਸੰਸਦ ਵੱਲੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ਮਗਰੋਂ ਡੈਮੋਕ੍ਰੇਟਿਕ ਸੰਸਦੀ ਮੈਂਬਰ ਕ੍ਰਿਸਟਨ ਗਿਲੀਬ੍ਰਾਂਡ ਨੇ ਇਕ ਕਦਮ ਅੱਗੇ ਵੱਧਦੇ ਹੋਏ ਟਰੰਪ ਦੇ ਅਸਤੀਫੇ ਦੀ ਮੰਗ ਕੀਤੀ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਇਨ੍ਹਾਂ ਦੋਸ਼ਾਂ ਨੂੰ ਸਿੱਧੇ ਤੌਰ 'ਤੇ ਰੱਦ ਕੀਤਾ ਹੈ। ਸੈਂਡਰਸ ਨੇ ਪੱਤਰਕਾਰਾਂ ਨੂੰ ਕਿਹਾ,''ਇਹ ਘਟਨਾ ਟਰੰਪ ਦੇ ਰਾਸ਼ਟਰਪਤੀ ਬਨਣ ਤੋਂ ਪਹਿਲਾਂ ਦੀ ਹੈ।''


Related News