ਕਿਊਬਿਕ 'ਚ ਵੀ ਲੱਗ ਸਕਦਾ ਹੈ ਬੁਰਕੇ 'ਤੇ ਬੈਨ, ਕੋਸ਼ਿਸ਼ਾਂ ਜਾਰੀ

10/18/2017 3:38:33 PM

ਕਿਊਬਿਕ,(ਏਜੰਸੀ)— ਹੋਰ ਦੇਸ਼ਾਂ ਵਾਂਗ ਕੈਨੇਡਾ ਦੇ ਸ਼ਹਿਰ ਕਿਊਬਿਕ 'ਚ ਵੀ ਬੁਰਕੇ 'ਤੇ ਰੋਕ ਲਗਾਉਣ ਦੀ ਗੱਲ ਹੋ ਰਹੀ ਹੈ। ਲਿਬਰਲ ਸਰਕਾਰ ਜਲਦੀ ਹੀ ਬਰਾਬਰੀ ਦੇ ਨਾਂ 'ਤੇ ਬਿੱਲ- 62 ਪਾਸ ਕਰਨ ਦੀ ਤਿਆਰੀ 'ਚ ਹੈ, ਜਿਸ ਤਹਿਤ ਹਰੇਕ ਵਿਅਕਤੀ ਨੂੰ ਜਨਤਕ ਸੇਵਾਵਾਂ ਲੈਣ ਸਮੇਂ ਆਪਣਾ ਚਿਹਰਾ ਦਿਖਾਉਣਾ ਪਵੇਗਾ। ਇਸ ਕਾਰਨ ਮੁਸਲਿਮ ਭਾਈਚਾਰੇ 'ਚ ਕਾਫੀ ਰੋਸ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਮਤਾ ਪਾਸ ਹੋ ਗਿਆ ਤਾਂ ਸੂਬੇ 'ਚ ਬੁਰਕਾ ਜਾਂ ਨਕਾਬ ਪਾਉਣ ਵਾਲੀਆਂ ਔਰਤਾਂ ਨੂੰ ਬੱਸ 'ਚ ਚੜ੍ਹਨ ਸਮੇਂ ਵੀ ਚਿਹਰਾ ਵਿਖਾਉਣਾ ਲਾਜ਼ਮੀ ਹੋ ਜਾਵੇਗਾ। ਇਹ ਵਿਵਾਦਤ ਕਾਨੂੰਨ ਇੱਥੇ ਕੰਮ ਕਰਦੇ ਡਾਕਟਰਾਂ, ਨਰਸਾਂ ਤੇ ਅਧਿਆਪਕਾਂ ਤੋਂ ਇਲਾਵਾ ਕਿਸੇ ਸਰਕਾਰੀ ਦਫਤਰ 'ਚੋਂ ਸੇਵਾਵਾਂ ਲੈਣ ਆਏ ਵਿਅਕਤੀ ਨੂੰ ਵੀ ਚਿਹਰਾ ਢਕਣ ਤੋਂ ਰੋਕੇਗਾ।
ਸੂਬਾਈ ਨਿਆਂ ਮੰਤਰੀ ਸਟੈਫਨੀ ਵੈਲ ਨੇ ਕਿਹਾ ਕਿ ਕੰਮ-ਕਾਰ 'ਚ ਆਦਾਨ-ਪ੍ਰਦਾਨ ਅਤੇ ਸੁਰੱਖਿਆ ਕਾਰਨ ਇਹ ਕਾਨੂੰਨ ਬਹੁਤ ਜ਼ਰੂਰੀ ਹੈ। ਇਸ ਮਤੇ 'ਤੇ ਵਿਧਾਨ ਸਭਾ 'ਚ ਵੋਟਾਂ ਪੈਣਗੀਆਂ । ਇਸ ਸਮੇਂ ਸੂਬੇ 'ਚ ਲਿਬਰਲ ਪਾਰਟੀ ਦੀ ਸਰਕਾਰ ਹੈ। ਨਿਆਂ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਨਾਲ 'ਧਾਰਮਿਕ ਚਿੰਨ੍ਹਾਂ' 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। 'ਕੈਨੇਡੀਅਨ ਕੌਂਸਲ ਆਫ ਮੁਸਲਿਮ' ਦੀ ਸ਼ਾਹੀਨ ਅਸ਼ਰਫ ਮੁਤਾਬਕ ਮੁਸਲਿਮ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫਿਲਹਾਲ ਇਸ 'ਤੇ ਫੈਸਲਾ ਹੋਣ 'ਚ ਸਮਾਂ ਲੱਗੇਗਾ ਪਰ ਮੁਸਲਿਮ ਭਾਈਚਾਰਾ ਇਸ ਨੂੰ ਗਲਤ ਮੰਨ ਰਿਹਾ ਹੈ।


Related News