ਚੀਨ ਨੇ ਜ਼ਿਆਦਾਤਰ ਦੇਸ਼ਾਂ ਨੂੰ ਸੀਪੇਕ ਪ੍ਰੋਜੈਕਟ ''ਚ ਹਿੱਸਾ ਲੈਣ ਲਈ ਦਿੱਤਾ ਸੱਦਾ

12/04/2017 5:58:55 PM

ਬੀਜਿੰਗ (ਭਾਸ਼ਾ)— ਸੋਮਵਾਰ ਨੂੰ ਚੀਨ ਨੇ 50 ਅਰਬ ਦੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀਪੇਕ) ਨੂੰ 'ਖੁੱਲੀ ਪਹਿਲ' ਕਰਾਰ ਦਿੱਤਾ। ਉਸ ਨੇ ਜ਼ਿਆਦਾਤਰ ਦੇਸ਼ਾਂ ਨੂੰ 'ਬਰਾਬਰੀ ਅਤੇ ਆਪਣੀ ਮਰਜ਼ੀ' ਦੇ ਆਧਾਰ 'ਤੇ ਇਸ ਵਿਵਾਦਮਈ ਪ੍ਰੋਜੈਕਟ ਨਾਲ ਜੁੜਨ ਦੀ ਅਪੀਲ ਕੀਤੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਗਾਂਗ ਸ਼ੁਆਂਗ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਰਾਚੀ ਵਿਚ ਚੀਨ ਅਤੇ ਕਤਰ ਵੱਲੋਂ ਬਣਾਏ ਗਏ ਬਿਜਲੀ ਪਲਾਂਟ ਨੂੰ ਸ਼ੁਰੂ ਕੀਤੇ ਜਾਣ ਦੇ ਬਾਰੇ ਵਿਚ ਕਿਹਾ ਕਿ ਕਤਰ ਦੀ ਭਾਗੀਦਾਰੀ ਇਹ ਦਿਖਾਉਂਦੀ ਹੈ ਕਿ ਸੀਪੇਕ ਤੀਜੇ ਦੇਸ਼ ਲਈ ਵੀ ਖੁੱਲਿਆ ਹੋਇਆ ਹੈ। ਸੀਪੇਕ ਦੇ ਤਹਿਤ ਪਾਕਿਸਤਾਨ ਦੇ ਕਾਸਿਮ ਬੰਦਰਗਾਹ ਵਿਚ ਬਣਾਏ 1320 ਮੈਗਾਵਾਟ ਦੇ ਬਿਜਲੀ ਪਲਾਂਟ ਦਾ ਉਦਘਾਟਨ 29 ਨਵੰਬਰ ਨੂੰ ਹੋਇਆ ਸੀ। ਸ਼ੁਆਂਗ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਇਸ ਪਲਾਂਟ ਦੇ ਚਾਲੂ ਹੋਣ ਨਾਲ ਚੀਨੀ ਪੱਖ ਖੁਸ਼ ਹੈ। ਮੇਰੇ ਖਿਆਲ ਨਾਲ ਇਹ ਊਰਜਾ ਉਪਲਬਧ ਕਰਾਉਣ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਵਿਚ ਸਕਾਰਾਤਮਕ ਭੂਮਿਕਾ ਨਿਭਾਏਗਾ।'' ਭਾਰਤ ਸੀਪੇਕ ਦਾ ਵਿਰੋਧ ਕਰਦਾ ਰਿਹਾ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚੋਂ ਦੀ ਲੰਘਦਾ ਹੈ।


Related News