ਅਮਰੀਕਾ ਦੇ ਗੁਰਦੁਆਰਾ ਸਾਹਿਬ ''ਚ ਨਸ਼ੇ ''ਚ ਟੱਲੀ ਹੋਏ ਵਿਅਕਤੀ ਨੇ ਔਰਤ ''ਤੇ ਕੀਤਾ ਹਮਲਾ, ਲੱਗੀਆਂ ਹੱਥਕੜੀਆਂ

03/29/2017 2:56:44 PM

ਨਿਊਯਾਰਕ— ਅਮਰੀਕਾ ''ਚ ਓਰੇਗਨ ਸੂਬੇ ਦੇ ਇਕ ਗੁਰਦੁਆਰਾ ਸਾਹਿਬ ''ਚ ਇਕ ਔਰਤ ''ਤੇ ਹਮਲਾ ਕਰਨ ਵਾਲੇ 37 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ''ਤੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਅਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਐਤਵਾਰ ਦੀ ਰਾਤ ਨੂੰ ਟਿਮੋਥੀ ਵਾਲਟਰ ਸ਼ਿਮਟ ਨਾਂ ਦਾ ਵਿਅਕਤੀ ਨਸ਼ੇ ''ਚ ਸੀ ਅਤੇ ਗ੍ਰੇਸ਼ਮ ਦੇ ਓਰੇਗਨ ਸ਼ਹਿਰ ''ਚ ਬਣੇ ਗੁਰਦੁਆਰੇ ਕੋਲ ਘੁੰਮ ਰਿਹਾ ਸੀ। ਇਸ ਮਗਰੋਂ ਉਸ ਨੇ ਗੁਰਦੁਆਰਾ ਸਾਹਿਬ ''ਚ ਬਣੇ ਬਾਥਰੂਮ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ, ਜਿਸ ਮਗਰੋਂ ਉਸ ਨੂੰ ਗੁਰਦੁਆਰੇ ''ਚ ਦਾਖਲ ਹੋਣ ਦਿੱਤਾ ਗਿਆ। 
ਸੂਤਰਾਂ ਮੁਤਾਬਕ ਸ਼ਿਮਟ ਜਦ ਬਾਥਰੂਮ ''ਚੋਂ ਬਾਹਰ ਆਇਆ ਤਾਂ ਉਸ ਨੇ ਗੁਰਦੁਆਰੇ ''ਚ ਕੰਮ ਕਰਨ ਵਾਲੀ ਇਕ 26 ਸਾਲਾ ਔਰਤ ''ਤੇ ਹਮਲਾ ਕਰ ਦਿੱਤਾ। ਉਸ ਨੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਜਾਂਚ ਕਰਨ ਵਾਲੇ ਪੁਲਸ ਅਧਿਕਾਰੀ ਐਡਮ ਬੇਕਰ ਮੁਤਾਬਕ ਗੁਰਦੁਆਰੇ ਦਾ ਇਕ ਵਿਅਕਤੀ ਆਵਾਜ਼ ਸੁਣ ਕੇ ਉੱਥੇ ਪੁੱਜਾ ਅਤੇ ਉਸ ਨੇ ਔਰਤ ਨੂੰ ਬਚਾਇਆ। ਇਸ ਮਗਰੋਂ ਪੁਲਸ ਆਉਣ ਤਕ ਉਸ ਨੇ ਦੋਸ਼ ਨੂੰ ਫੜ ਕੇ ਰੱਖਿਆ ਗਿਆ। ਸ਼ਿਮਟ ਨੂੰ ਮਲਟਨੋਮਾ ਕਾਊਂਟੀ ਦੀ ਜੇਲ ''ਚ ਰੱਖਿਆ ਗਿਆ ਹੈ। ਉਸ ''ਤੇ ਹਮਲਾ ਕਰਨ, ਬਲਾਤਕਾਰ ਕਰਨ ਦੀ ਕੋਸ਼ਿਸ ਕਰਨ ਅਤੇ ਹਥਿਆਰ ਦੀ ਗਲਤ ਵਰਤੋਂ ਕਰਨ ਦੇ ਦੋਸ਼ ਲੱਗੇ ਹਨ। ਸਿੱਖਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨ ''ਦਿ ਸਿੱਖ ਕੋਲੇਸ਼ਨ'' ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਗ੍ਰੇਸ਼ਮ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।  

Related News