ਮੈਟਰੋ ਸਟੇਸ਼ਨ ਦੀਆਂ ਇਨ੍ਹਾਂ ਥਾਵਾਂ ''ਤੇ ਰੱਖੀਆਂ ਜਾਂਦੀਆਂ ਹਨ ਲਾਸ਼ਾਂ, ਕਰਮਚਾਰੀ ਪਰੇਸ਼ਾਨ

08/17/2017 12:50:11 PM

ਨਿਊਯਾਰਕ— ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮੈਟਰੋ ਸਟੇਸ਼ਨ ਵਿਚ ਕੰਮ ਕਰਨ ਵਾਲੇ ਕਰਮਚਾਰੀ ਬਹੁਤ ਪਰੇਸ਼ਾਨ ਹਨ। ਕਰਮਚਾਰੀਆਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਲਈ ਬਣਾਏ ਗਏ ਕਮਰਿਆਂ ਅਤੇ ਬਾਥਰੂਮ ਵਿਚ ਲਾਸ਼ਾਂ ਰੱਖੀਆਂ ਜਾਂਦੀਆਂ ਹਨ।
ਕਰਮਚਾਰੀਆਂ ਮੁਤਾਬਕ ਜਦੋਂ ਵੀ ਸਟੇਸ਼ਨ 'ਤੇ ਕਿਸੇ ਦੀ ਮੌਤ ਹੁੰਦੀ ਹੈ ਜਾਂ ਕੋਈ ਖੁਦਕੁਸ਼ੀ ਕਰਦਾ ਹੈ ਤਾਂ ਉਸ ਦੀ ਲਾਸ਼ ਨੂੰ ਨੇੜੇ ਦੇ ਕਿਸੇ ਵੀ ਕਮਰੇ ਵਿਚ ਰੱਖ ਦਿੱਤਾ ਜਾਂਦਾ ਹੈ। ਭਾਵੇਂ ਉਸ ਕਮਰੇ ਵਿਚ ਕਰਮਚਾਰੀ ਖਾਣਾ ਹੀ ਕਿਉਂ ਨਾ ਖਾਂਦੇ ਹੋਣ। ਕਰਮਚਾਰੀਆਂ ਦੀ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਲਾਸ਼ ਨੂੰ ਹਟਾਉਣ ਮਗਰੋਂ ਕਮਰੇ ਜਾਂ ਬਾਥਰੂਮ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ ਜਾਂਦੀ ।
52 ਸਾਲਾ ਕਰਮਚਾਰੀ ਲਾਸ਼ਾਨ ਦਾ ਕਹਿਣਾ ਹੈ ਕਿ ਇਕ ਵਾਰੀ ਜਦੋਂ ਉਹ ਬਾਥਰੂਮ ਗਈ ਤਾਂ ਸਿੰਕ ਵਿਚ ਵਾਲ ਅਤੇ ਸਰੀਰ ਦੇ ਟੁਕੱੜੇ ਪਏ ਸਨ। ਯੂਨੀਅਨ ਨੇ ਦੋਸ਼ ਲਾਇਆ ਕਿ ਲਾਸ਼ਾਂ ਨਾਲ ਅਜਿਹੀ ਬਦਸਲੂਕੀ ਸਾਲਾਂ ਤੋਂ ਚੱਲਦੀ ਆ ਰਹੀ ਹੈ ਅਤੇ ਇਸ ਦਿਸ਼ਾ ਵਿਚ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਇਸ ਮਾਮਲੇ ਦੀ ਸਫਾਈ ਵਿਚ ਮੈਟਰੋ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਮਗਰੋਂ ਜਲਦੀ ਤੋਂ ਜਲਦੀ ਆਵਾਜਾਈ ਬਹਾਲ ਕਰਨ ਲਈ ਅਜਿਹਾ ਕੀਤਾ ਜਾਂਦਾ ਹੈ। ਲਾਸ਼ ਦੀ ਪਛਾਣ ਕਰਨ ਅਤੇ ਮੈਡੀਕਲ ਮਾਹਰਾਂ ਦੁਆਰਾ ਮੁੱਢਲੀ ਜਾਂਚ ਮਗਰੋਂ ਹੀ ਬੌਡੀ ਨੂੰ ਸਟੇਸ਼ਨ ਤੋਂ ਬਾਹਰ ਲਿਜਾਇਆ ਜਾਂਦਾ ਹੈ। ਇਸ ਪ੍ਰਕਿਰਿਆ ਵਿਚ 2-3 ਘੰਟੇ ਲੱਗ ਜਾਂਦੇ ਹਨ। ਇਸ ਲਈ ਲਾਸ਼ ਨੂੰ ਪਲੇਟਫਾਰਮ ਜਾਂ ਪਬਲਿਕ ਏਰੀਆ ਤੋਂ ਹਟਾਉਣਾ ਜ਼ਰੂਰੀ ਹੁੰਦਾ ਹੈ। ਜੇਕਰ ਲਾਸ਼ ਮੈਟਰੋ ਟ੍ਰੈਕ ਜਾਂ ਪਲੇਟਫਾਰਮ 'ਤੇ ਪਈ ਰਹੇਗੀ ਤਾਂ ਗੱਡੀਆਂ ਦੀ ਆਵਾਜਾਈ ਵਿਚ ਰੁਕਾਵਟ ਹੋਵੇਗੀ।


Related News