ਇਕ ਵਾਰ ਫਿਰ ਭੂਚਾਲ ਨਾਲ ਕੰਬੀ ਇਰਾਨ-ਈਰਾਕ ਸਰਹੱਦ, ਕੋਈ ਜਾਨੀ ਨੁਕਸਾਨ ਨਹੀਂ

11/18/2017 5:26:03 PM

ਤਹਿਰਾਨ(ਬਿਊਰੋ)— ਈਰਾਨ ਸਰਹੱਦ ਨੇੜੇ ਕਰਮਨਸ਼ਾਹ ਸੂਬੇ ਵਿਚ ਸ਼ਨੀਵਾਰ (18 ਨਵੰਬਰ) ਨੂੰ ਰਿਕਟਰ ਪੈਮਾਨੇ 'ਤੇ 4.4 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਇਸ ਖੇਤਰ ਵਿਚ ਪਿਛਲੇ ਹਫਤੇ ਆਏ ਸ਼ਕਤੀਸ਼ਾਲੀ ਭੂਚਾਲ ਵਿਚ 500 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਤਹਿਰਾਨ ਯੂਨੀਵਰਸਿਟੀ ਦੀ ਭੂ-ਭੌਤਿਕੀ ਸੰਸਥਾ ਦੇ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਸ਼ਿਰਿਨ ਸ਼ਹਿਰ ਨੇੜੇ ਸਵੇਰੇ 7:42 'ਤੇ ਆਇਆ ਭੂਚਾਲ 10 ਕਿਲੋਮੀਟਰ ਹੇਠਾਂ ਸਥਿਤ ਸੀ। ਇਕ ਸਮਾਚਾਰ ਏਜੰਸੀ ਮੁਤਾਬਕ ਭੂਚਾਲ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਹ ਭੂਚਾਲ 7.3 ਤੀਬਰਤਾ ਵਾਲੇ ਭੂਚਾਲ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ 2 ਇਲਾਕੇ, ਸਾਰਪੁਲ ਜਹਾਬ ਤੋਂ 22 ਕਿਲੋਮੀਟਰ ਅਤੇ ਅਜਗੇਲੇਹ ਤੋਂ 40 ਕਿਲੋਮੀਟਰ ਦੂਰ ਆਇਆ। 7.3 ਤੀਬਰਤਾ ਵਾਲੇ ਭੂਚਾਲ ਵਿਚ 500 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ 10,000 ਹੋਰ ਜ਼ਖਮੀ ਹੋ ਗਏ ਸਨ। ਇਸ ਖੇਤਰ ਵਿਚ ਹਜ਼ਾਰਾਂ ਪੀੜਤਾਂ ਦੀ ਸਹਾਇਤਾ ਲਈ ਰਾਹਤ ਕੰਮ ਅਜੇ ਵੀ ਚੱਲ ਰਿਹਾ ਹੈ।
ਈਰਾਨੀ ਪ੍ਰਸ਼ਾਸਨ ਮੁਤਾਬਕ ਕਰਮਨਸ਼ਾਹ ਸੂਬੇ ਵਿਚ 500 ਤੋਂ ਜ਼ਿਆਦਾ ਲੋਕ ਮਾਰੇ ਗਏ, ਜੋ ਇਸ ਸਾਲ ਦੁਨੀਆ ਭਰ ਵਿਚ ਭੂਚਾਲ ਨਾਲ ਮਰਨ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਭੂਚਾਲ ਦੇ ਝਟਕੇ ਤੁਰਕੀ, ਇਜ਼ਰਾਇਲ, ਕੁਵੈਤ ਅਤੇ ਪਾਕਿਸਤਾਨ ਵਿਚ ਵੀ ਮਹਿਸੂਸ ਕੀਤੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਨਾਲ 30,000 ਤੋਂ ਜ਼ਿਆਦਾ ਘਰ ਨਸ਼ਟ ਹੋ ਗਏ ਹਨ ਅਤੇ ਦੋ ਪਿੰਡ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ।


Related News