ਲੰਡਨ ''ਚ ਪ੍ਰਦਰਸ਼ਨਕਾਰੀਆਂ ਨੇ ਪੁਲਸ ''ਤੇ ਵਰ੍ਹਾਈਆਂ ਇੱਟਾਂ ਤੇ ਬੋਤਲਾਂ, 6 ਮੁਲਾਜ਼ਮ ਫੱਟੜ

06/26/2017 8:02:15 PM

ਲੰਡਨ (ਮਨਦੀਪ ਖੁਰਮੀ)—ਬੀਤੀ ਰਾਤ ਕਾਲੇ ਮੂਲ ਦੇ ਲੋਕਾਂ ਵਲੋਂ ਪੱਛਮੀ ਲੰਡਨ ਦੇ ਇਲਾਕੇ ਨਿਊਹੈਮ ਵਿਖੇ ਮੁਜ਼ਾਹਰੇ ਦੌਰਾਨ ਪੁਲਸ ਮੁਲਾਜ਼ਮਾਂ 'ਤੇ ਇੱਟਾਂ, ਬੋਤਲਾਂ ਦਾ ਮੀਂਹ ਵਰ੍ਹਾਇਆ ਗਿਆ, ਜਿਸਦੇ ਸਿੱਟੇ ਵਜੋਂ 6 ਪੁਲਸ ਮੁਲਾਜ਼ਮ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਮਾਮਲਾ 25 ਸਾਲਾ ਕਾਲੇ ਮੂਲ ਦੇ ਨੌਜਵਾਨ ਡਾ. ਕੌਸਟਾ ਦੀ ਮੌਤ ਦਾ ਸੀ। ਪੁਲਿਸ ਵੱਲੋਂ ਇਸ ਨੌਜਵਾਨ ਨੂੰ 21 ਜੂਨ ਨੂੰ ਕਾਰ ਚਲਾਉਂਦੇ ਹੋਏ ਰੋਕਿਆ ਗਿਆ ਸੀ। ਬਾਅਦ ਵਿੱਚ ਉਕਤ ਨੌਜਵਾਨ ਹਸਪਤਾਲ Ḕਚ ਰਹਿਣ ਉਪਰੰਤ ਪ੍ਰਾਣ ਤਿਆਗ ਗਿਆ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਉਸਦੀ ਗਰਦਨ ਤੋੜ ਦਿੱਤੀ ਸੀ ਪਰ ਪੁਲਿਸ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਜਿੱਥੇ ਪੋਸਟ ਮਾਰਟਮ ਰਿਪੋਰਟ ਵਿੱਚ ਗਰਦਨ ਨਾ ਟੁੱਟਣ ਬਾਰੇ ਕਿਹਾ ਹੈ ਉੱਥੇ ਉਕਤ ਨੌਜਵਾਨ ਵੱਲੋਂ ਵਧੇਰੇ ਮਾਤਰਾ ਵਿੱਚ ਨਸ਼ਾ ਕੀਤੇ ਹੋਣ ਦੀ ਗੱਲ ਆਖੀ ਹੈ। ਬੀਤੀ ਰਾਤ ਮ੍ਰਿਤਕ ਨੌਜਵਾਨ ਦੀ ਯਾਦ ਵਿੱਚ ਫਾਰੈਸਟ ਗੇਟ ਤੋਂ ਸਟਰੈਟਫੋਰਡ ਤੱਕ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਉਹਨਾਂ ਪੁਲਿਸ ਨੂੰ ਗਾਲ੍ਹਾਂ ਦਾ ਦੁਸ਼ਾਂਦਾ ਹੀ ਨਹੀਂ ਦਿੱਤਾ ਬਲਕਿ ਗੁੱਸੇ ਵਿੱਚ ਆਏ ਮੁਜਾਹਰਾਕਾਰੀਆਂ ਨੇ ਸੜਕਾਂ ਬੰਦ ਕਰਕੇ ਆਪਣਾ ਰੋਸ ਪ੍ਰਗਟਾਇਆ। ਮੂੰਹ ਬੰਨ੍ਹੇ ਵਾਲੇ ਮੁਜਾਹਰਾਕਾਰੀਆਂ ਵੱਲੋਂ ਪੁਲਿਸ ਉੱਪਰ ਇੱਟਾਂ, ਬੋਤਲਾਂ ਨਾਲ ਹਮਲਾ ਕੀਤਾ ਗਿਆ। ਇੱਕ ਪੁਲਿਸ ਕਰਮੀ ਦੇ ਮੂੰਹ ਉੱਪਰ ਅਤੇ ਇੱਕ ਦੇ ਸਿਰ ਵਿੱਚ ਗੰਭੀਰ ਸੱਟਾਂ ਹਨ। ਇਸ ਦੌਰਾਨ ਪੁਲਿਸ ਦੀਆਂ ਦੋ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। 4 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਇੱਕ ਬੱਚੇ ਦਾ ਬਾਪ ਸੀ ਜਦੋਂਕਿ ਉਸਦੀ ਪਤਨੀ ਫਿਰ ਗਰਭਵਤੀ ਹੈ। ਮੁਜਹਰਾਕਾਰੀਆਂ ਵੱਲੋਂ ਕੀਤਾ ਗਿਆ ਮੁਜਾਹਰਾ ਸਵੇਰੇ ਤਿੰਨ ਵਜੇ ਤੱਕ ਚਲਦਾ ਰਿਹਾ।


Related News