ਅਭਿਆਸ ਦੌਰਾਨ ਪਾਕਿਸਤਾਨੀ ਹਵਾਈ ਫੌਜ ਦਾ ਇਕ ਜਹਾਜ਼ ਹਾਦਸਾਗ੍ਰਸਤ

08/17/2017 3:07:19 PM

ਲਾਹੌਰ—ਪਾਕਿਸਤਾਨੀ ਹਵਾਈ ਫੌਜ ਦਾ ਇਕ ਲੜਾਕੂ ਜਹਾਜ਼ ਰੋਜ਼ਾਨਾ ਕੀਤੇ ਜਾਣ ਵਾਲੇ ਅਭਿਆਸ ਦੌਰਾਨ ਦੇਸ਼ ਦੇ ਪੰਜਾਬ ਪ੍ਰਾਂਤ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਹਫਤੇ ਪੀ. ਏ. ਐੱਫ. ਦਾ ਇਹ ਦੂਜਾ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਪਾਇਲਟ ਦੇ ਸੰਤੁਲਨ ਖੋਹ ਦੇਣ ਮਗਰੋਂ, ਚੀਨ ਦੁਆਰਾ ਬਣਾਇਆ ਇਹ ਲੜਾਕੂ ਜਹਾਜ਼ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਸਰਗੋਧਾ ਜ਼ਿਲ੍ਹੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿਚੋਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਆਇਆ ਸੀ। 
ਪੀ. ਏ. ਐੱਫ. ਦੇ ਇਕ ਬਿਆਨ ਮੁਤਾਬਕ,''ਪਾਕਿਸਤਾਨੀ ਹਵਾਈ ਫੌਜ ਬਹੁਤ ਦੁੱਖ ਨਾਲ ਇਹ ਦੱਸ ਰਹੀ ਹੈ ਕਿ ਪੀ. ਏ. ਐੱਫ. ਐੱਫ7-ਪੀ. ਜੀ. ਜਹਾਜ਼ ਆਪਣੇ ਰੋਜ਼ਾਨਾ ਅਭਿਆਸ ਦੇ ਦੌਰਾਨ ਸਰਗੋਧਾ ਨੇੜੇ ਹਾਦਸਾਗ੍ਰਸਤ ਹੋ ਗਿਆ। ਪਾਇਲਟ ਜਹਾਜ਼ ਵਿਚੋਂ ਸੁਰੱਖਿਅਤ ਨਿਕਲ ਆਇਆ। ਹਾਦਸੇ ਵਿਚ ਜ਼ਮੀਨ 'ਤੇ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।'' ਬਿਆਨ ਵਿਚ ਕਿਹਾ ਗਿਆ ਕਿ ਹਵਾਈ ਫੌਜ ਮੰਤਰਾਲੇ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬੋਰਡ ਆਫ ਇਨਕਵਾਇਰੀ ਨੂੰ ਹੁਕਮ ਦੇ ਦਿੱਤਾ ਹੈ। ਪੀ. ਏ. ਐੱਫ. ਦਾ ਇਕ ਲੜਾਕੂ ਜਹਾਜ਼ 10 ਅਗਸਤ ਨੂੰ ਲਾਹੌਰ ਤੋਂ ਕਰੀਬ 350 ਕਿਲੋਮੀਟਰ ਦੂਰ ਮੀਆਂਵਾਲੀ ਨੇੜੇ ਉਡਾਣ ਭਰਨ ਮਗਰੋਂ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਪਾਇਲਟ ਦੀ ਮੌਤ ਹੋ ਗਈ ਸੀ। ਸੂਤਰਾਂ ਮੁਤਾਬਕ 15 ਸਾਲ ਦੀ ਸੇਵਾ ਵਿਚ ਕਰੀਬ 10 ਜਾਂ 11 ਐੱਫ7-ਪੀ. ਜੀ./ਐੱਫ. ਟੀ.-7ਪੀ. ਜੀ. (ਜਹਾਜ਼) ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਪੀ. ਏ. ਐੱਫ. ਦੇ ਬੇੜੇ ਵਿਚ 50 ਤੋਂ ਜ਼ਿਆਦਾ ਚੀਨ ਦੁਆਰਾ ਬਣਾਏ ਗਏ ਜਹਾਜ਼ ਹਨ।


Related News